*ਨੌਜਵਾਨ ਕੋਰੋਨਾ ਨੂੰ ਹਲਕੇ ਵਿਚ ਨਾ ਲੈਣ, ਖਤਰਨਾਕ ਸਾਬਤ ਹੋ ਰਹੀ ਹੈ ਮਹਾਂਮਾਰੀ
ਅੰਮ੍ਰਿਤਸਰ / 5 ਅਗਸਤ / ਨਿਊ ਸੁਪਰ ਭਾਰਤ ਨਿਊਜ
ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਾ. ਹਿਮਾਸ਼ੂੰ ਅਗਰਵਾਲ, ਜੋ ਕਿ ਜਿਲੇ ਦੇ ਕੋਵਿਡ-19 ਸਬੰਧੀ ਨੋਡਲ ਅਧਿਕਾਰੀ ਵੀ ਹਨ, ਨੇ ਦੱਸਿਆ ਕਿ ਅਗਲੇ ਹਫਤੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਪਲਾਜ਼ਮਾ ਬੈਂਕ ਚਾਲੂ ਕਰ ਦਿੱਤਾ ਜਾਵੇਗਾ, ਜਿੱਥੇ ਕੋਵਿਡ-19 ਦੇ ਠੀਕ ਹੋਏ ਮਰੀਜ਼ਾਂ ਦਾ ਪਲਾਜ਼ਮਾ ਰੱਖਿਆ ਜਾ ਸਕੇਗਾ। ਉਨਾਂ ਕੋਰੋਨਾ ਨੂੰ ਮਾਤ ਦੇਣ ਵਾਲੇ ਯੋਧਿਆਂ ਨੂੰ ਅਪੀਲ ਕੀਤੀ ਕਿ ਉਹ ਬੈਂਕ ਚਾਲੂ ਹੁੰਦੇ ਆਪਣਾ ਪਲਾਜ਼ਮਾ ਦਾਨ ਕਰਨ, ਤਾਂ ਜੋ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਜਾਨ ਬਚਾਈ ਜਾ ਸਕੇ। ਫੇਸ ਬੁੱਕ ਉਤੇ ਸਿੱਧੇ ਪ੍ਰਸਾਰਣ ਦੌਰਾਨ ਉਨਾਂ ਬੀਤੇ ਦਿਨੀਂ ਰੱਖੜੀ ਦਾ ਤਿਉਹਾਰ ਮਨਾਉਣ ਮੌਕੇ ਜਿਲਾ ਵਾਸੀਆਂ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਉਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜੇਕਰ ਤੁਸੀਂ ਭਵਿੱਖ ਵਿਚ ਇਸੇ ਤਰਾਂ ਆਪਣਾ ਧਿਆਨ ਰੱਖੋਗੇ ਤਾਂ ਕੋਰੋਨਾ ਤੋਂ ਤੁਹਾਡਾ ਪਰਿਵਾਰ ਸੁਰੱਖਿਅਤ ਰਹੇਗਾ।
ਡਾ. ਅਗਰਵਾਲ ਨੇ ਦੱਸਿਆ ਕਿ ਅੱਜ ਤੋਂ ਜਿੰਮ ਤੇ ਯੋਗਾ ਕੇਂਦਰ ਸਰਕਾਰ ਦੀਆਂ ਹਦਾਇਤਾਂ ਉਤੇ ਖੋਲ ਦਿੱਤੇ ਗਏ ਹਨ, ਪਰ ਇੰਨਾਂ ਦੇ ਪ੍ਰਬੰਧਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਉਤੇ ਅਮਲ ਕਰਨਾ ਯਕੀਨੀ ਬਨਾਉਣਾ ਪਵੇਗਾ, ਤਾਂ ਜੋ ਇਹ ਕੇਂਦਰ ਕੋਰੋਨਾ ਨੂੰ ਸੱਦਾ ਦੇਣ ਦਾ ਸਾਧਨ ਨਾ ਬਣਨ। ਉਨਾਂ ਕਿਹਾ ਕਿ ਹਰੇਕ ਥਾਂ ਆਪਸੀ ਦੂਰੀ, ਮਾਸਕ, ਹੱਥ ਧੋਣ ਵਰਗੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਡਾ. ਅਗਰਾਵਲ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ ਵਿਚ ਸ਼ਰੀਫਪੁਰਾ ਨੂੰ ਕੰਟੇਨਮੈਂਟ ਜੋਨ ਅਤੇ ਰਾਮਾਨੰਦ ਬਾਗ ਨੂੰ ਮਾਈਕਰੋ ਕੰਟੇਨਮੈਂਟ ਜੋਨ ਐਲਾਨਿਆ ਗਿਆ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇੰਨਾਂ ਸਥਾਨਾਂ ਉਤੇ ਸਿਹਤ ਵਿਭਾਗ ਵੱਲੋਂ ਲਾਗੂ ਕੀਤੀਆਂ ਪਾਬੰਦੀਆਂ ਨੂੰ ਨਿਭਾਉਣ। ਇਸ ਤੋਂ ਇਲਾਵਾ ਆਪਣੇ ਕੋਵਿਡ ਟੈਸਟ ਕਰਵਾਉਣ ਲਈ ਜੇਕਰ ਹਸਪਤਾਲ ਨਹੀਂ ਆ ਸਕਦੇ ਤਾਂ ਮੋਬਾਈਲ ਵੈਨ, ਜੋ ਕਿ ਉਨਾਂ ਦੇ ਇਲਾਕੇ ਵਿਚ ਜਾਂਦੀ ਹੈ, ਵਿਚ ਆਪਣੇ ਨਮੂਨੇ ਦੇਣ, ਤਾਂ ਜੋ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ।
ਡਾ. ਹਿਮਾਸ਼ੂੰ, ਜੋ ਕਿ ਨੋਡਲ ਅਧਿਕਾਰੀ ਹੋਣ ਕਾਰਨ ਅਕਸਰ ਗੁਰੂ ਨਾਨਕ ਹਸਪਤਾਲ ਆਉਂਦੇ-ਜਾਂਦੇ ਰਹਿੰਦੇ ਹਨ, ਨੇ ਨੌਜਵਾਨਾਂ ਵਿਚ ਬਣੀ ਧਾਰਨਾ ਕਿ ਕੋਰੋਨਾ ਨਾਲ ਕੇਵਲ ਬੁਜ਼ਰਗਾਂ ਨੂੰ ਖ਼ਤਰਾ ਹੈ, ਨੂੰ ਰੱਦ ਕਰਦੇ ਕਿਹਾ ਕਿ ਨੌਜਵਾਨਾਂ ਦੀ ਇਹ ਲਾਪਰਵਾਹੀ ਬੜੀ ਖਤਰਨਾਕ ਸਿੱਧ ਹੋ ਸਕਦੀ ਹੈ। ਉਨਾਂ ਦੱਸਿਆ ਕਿ ਹਸਪਤਾਲ ਵਿਚ ਦਾਖਲ ਕੋਵਿਡ ਮਰੀਜਾਂ ਵਿਚ ਨੌਜਵਾਨ ਵੀ ਸ਼ਾਮਿਲ ਹਨ ਅਤੇ ਬੜੇ ਦੁਖੀ ਹਿਰਦੇ ਨਾਲ ਮੈਨੂੰ ਇਹ ਦੱਸਣਾ ਪੈ ਰਿਹਾ ਹੈ ਕਿ ਕਈ ਨੌਜਵਾਨ ਦੀ ਮੌਤ ਵੀ ਆਪਣੇ ਸ਼ਹਿਰ ਦੇ ਹਸਪਤਾਲ ਵਿਚ ਕੋਰੋਨਾ ਕਾਰਨ ਹੋ ਚੁੱਕੀ ਹੈ, ਸੋ ਇਸ ਤੋਂ ਬਚੋ ਅਤੇ ਆਪਣੇ ਪਰਿਵਾਰਾਂ ਨੂੰ ਬਚਾਉ, ਇਸੇ ਵਿਚ ਹੀ ਸਮਝਦਾਰੀ ਹੈ।