ਅੰਮ੍ਰਿਤਸਰ, 04 ਅਗਸਤ (ਨਿਊ ਸੁਪਰ ਭਾਰਤ ਨਿਊਜ਼)-
ਪੰਜਾਬ ਸਰਕਾਰ ਵੱਲੋਂ ਕੋਵਿਡ-19 ਨਾਲ ਨਿਜੱਠਣ ਲਈ ਵਿਸ਼ੇਸ਼ ਤੌਰ ਉਤੇ ਅੰਮ੍ਰਿਤਸਰ ਵਿਚ ਨੋਡਲ ਅਧਿਕਾਰੀ ਲਗਾਏ ਗਏ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਰੋਨਾ ਦੇ ਸ਼ੱਕੀ ਮਰੀਜਾਂ ਦੀ ਟੈਸਟ ਰਿਪੋਰਟ ਵਿਚ ਹੁੰਦੀ ਦੇਰੀ ਨੂੰ ਬੰਦ ਕਰਨ ਲਈ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਅਤੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨਾਲ ਵਿਚਾਰ-ਚਰਚਾ ਕਰਕੇ ਸਿਹਤ ਵਿਭਾਗ ਦੀ ਸਹਾਇਤਾ ਨਾਲ ਫਲੂ ਕਾਰਨਰ ਵਿਖੇ ਰੇਪਿਡ ਟੈਸਟ ਵੀ ਸ਼ੁਰੂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਨਾਲ ਮਰੀਜ਼ ਨੂੰ ਅੱਧੇ ਘੰਟੇ ਵਿਚ ਰਿਪੋਰਟ ਮਿਲ ਸਕੇਗੀ।
ਅੱਜ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨਾਲ ਹਸਪਤਾਲ ਵਿਚ ਕੀਤੀ ਮੀਟਿੰਗ ਵਿਚ ਉਨਾਂ ਮੌਜੂਦਾ ਸਥਿਤੀ ਉਤੇ ਵਿਚਾਰ-ਚਰਚਾ ਕੀਤੀ ਅਤੇ ਹਦਾਇਤ ਕੀਤੀ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਚ ਕੋਈ ਵੀ ਮੁਲਾਜ਼ਮ ਬਿਨਾਂ ਮਾਸਕ ਤੋਂ ਘੁੰਮਦਾ ਨਜ਼ਰ ਨਾ ਆਇਆ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਦੌਰਾਨ ਕੋਵਿਡ ਵਾਰਡ ਵਿਚ ਮਰੀਜ਼ਾਂ ਦੀ ਸਹੂਲਤ ਲਈ ਡਾਇਲਸਸ ਯੂਨਿਟ ਵੀ ਛੇਤੀ ਸ਼ੁਰੂ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ, ਤਾਂ ਜੋ ਕਿਡਨੀ ਰੋਗ ਤੋਂ ਪੀੜਤ ਹੋਣ ਵਾਲੇ ਮਰੀਜ਼ਾਂ ਨੂੰ ਕੋਈ ਸਮੱਸਿਆ ਨਾ ਆਵੇ।
ਇਸੇ ਦੌਰਾਨ ਡਾ. ਕੰਵਰਦੀਪ ਸਿੰਘ ਲੈਬਾਰਟਰੀ ਇੰਚਾਰਜ ਨੇ ਡਾ. ਹਿਮਾਸ਼ੂ ਨਾਲ ਖੁਸ਼ੀ ਸਾਂਝੀ ਕਰਦੇ ਦੱਸਿਆ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਹਸਪਤਾਲ ਦੀ ਲੈਬਾਰਟਰੀ ਨੂੰ ਇੰਡੀਅਨ ਮੈਡੀਕਲ ਕੌਂਸਲ ਐਂਡ ਰਿਸਰਚ ਵੱਲੋਂ ਚੌਥੀ ਵਾਰ ਕੁਆਲਟੀ ਕੰਟਰੋਲ ਵਿਚ ਉਤਮ ਦਰਜਾ ਦਿੱਤਾ ਗਿਆ ਹੈ। ਉਨਾਂ ਇਸ ਦਾ ਸਿਹਰਾ ਸਾਰੀ ਟੀਮ ਨੂੰ ਦਿੰਦੇ ਭਵਿੱਖ ਵਿਚ ਹੀ ਇਸੇ ਤਰਾਂ ਸੇਵਾਵਾਂ ਦਿੰਦੇ ਰਹਿਣ ਦਾ ਅਹਿਦ ਲਿਆ।
ਡਾ. ਹਿਮਾਸ਼ੂੰ ਨੇ ਇਸੇ ਦੌਰਾਨ ਹਸਪਤਾਲ ਵਿਚ ਦਾਖਲ ਮਰੀਜਾਂ ਦੀ ਉਨਾਂ ਦੇ ਵਾਰਸਾਂ ਨਾਲ ਗੱਲਬਾਤ ਕਰਵਾਉਣ ਅਤੇ ਬਤੌਰ ਡਿਊਟੀ ਡਾਕਟਰ ਵੱਲੋਂ ਉਨਾਂ ਦੇ ਵਾਰਸਾਂ ਨਾਲ ਗੱਲਬਾਤ ਕਰਨ ਲਈ ਟੈਲੀਕਾਨਫਰੰਸ ਵਿਧੀ ਅਪਨਾਉਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਇਸ ਲਈ ਕੋਵਿਡ ਵਾਰਡ ਵਿਚ ਇਕ ਕਮਰੇ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣ, ਤਾਂ ਜੋ ਉਨਾਂ ਦੇ ਵਾਰਸਾਂ ਨਾਲ ਰਾਬਤਾ ਰੱਖਿਆ ਜਾ ਸਕੇ। ਡਾ. ਹਿਮਾਸ਼ੂੰ ਨੇ ਇਹ ਵੀ ਹਦਾਇਤ ਕੀਤੀ ਕਿ ਕੋਵਿਡ-19 ਨਾਲ ਸਬੰਧਤ ਵੱਖ-ਵੱਖ ਵਾਰਡਾਂ ਤੇ ਵਿਭਾਗਾਂ ਵਿਚ ਪੁਹੰਚ ਕਰਨ ਅਤੇ ਕੋਵਿਡ ਸਬੰਧੀ ਸਾਵਧਾਨੀਆਂ ਵਰਤਣ ਦਾ ਸੰਦੇਸ਼ ਦੇਣ ਵਾਸਤੇ ਹਸਪਤਾਲ ਵਿਚ ਸੂਚਕ ਬੋਰਡ ਲਗਾਏ ਜਾਣ, ਤਾਂ ਜੋ ਮਰੀਜਾਂ, ਉਨਾਂ ਦੇ ਵਾਰਸਾਂ ਤੇ ਆਮ ਜਨਤਾ ਨੂੰ ਸਹੀ ਅਗਵਾਈ ਮਿਲੇ।
ਕੈਪਸ਼ਨ
ਪ੍ਰਿੰਸੀਪਲ ਗੁਰੂ ਨਾਨਕ ਮੈਡੀਕਲ ਕਾਲਜ ਡਾ ਰਾਜੀਵ ਦੇਵਗਨ ਨਾਲ ਗੱਲਬਾਤ ਕਰਦੇ ਡਾ. ਹਿਮਾਸ਼ੂੰ ਅਗਰਵਾਲ। ਨਾਲ ਹਨ ਡਾ. ਕੰਵਰਦੀਪ ਸਿੰਘ।