ਅੰਮ੍ਰਿਤਸਰ: 3 ਅਗਸਤ / ਨਿਊ ਸੁਪਰ ਭਾਰਤ ਨਿਊਜ਼ :–
ਪੰਜਾਬ ਸਰਕਾਰ ਵਲੋਂ ਪਿੰਡਾਂ ਦੇ ਛੱਪੜਾਂ ਅਤੇ ਟੋਭਿਆਂ ਦੀ ਸਫਾਈ ਦਾ ਕੰਮ ਬੀਤੇ ਦੋ ਮਹੀਨੇ ਕੀਤਾ ਗਿਆ ਸੀ, ਜਿਸ ਅਧੀਨ ਅੰਮ੍ਰਿਤਸਰ ਜਿਲ੍ਹੇ ਦੀ ਪੰਚਾਇਤਾਂ ਨੂੰ ਆਪਣੇ ਆਪਣੇ ਪਿੰਡਾ ਵਿੱਚ ਛੱਪੜਾਂ ਨੂੰ ਹੋਰ ਡੁੰਘਾ ਕੀਤਾ, ਇਸ ਤਰ੍ਹਾ ਛੱਪੜਾ ਦੀ ਸਫਾਈ ਹੋਈ, ਉਥੇ ਛੱਪੜਾਂ ਵਿੱਚੋ ਪਾਣੀ ਧਰਤੀ ਹੇਠ ਰੀਚਾਰਜ ਹੋਣਾ ਵੀ ਸ਼ੁਰੂ ਹੋਇਆ ਹੈ ।
ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰ ਗੁਰਪ੍ਰੀਤ ਸਿੰਘ ਖਹਿਰਾ ਪਿੰਡਾਂ ਦੇ ਸਰਪੰਚਾਂ ਤੇ ਪੰਚਾਇਤਾਂ ਨੂੰ ਸ਼ਾਬਾਸ਼ ਦਿੰਦੇ ਕਿਹਾ ਕਿ ਤੁਹਾਡੇ ਵਲੋਂ ਕੀਤੇ ਕੰਮਾਂ ਨਾਲ ਪਿੰਡ ਵਿੱਚ ਸਫਾਈ ਦਾ ਪੱਧਰ ਵਧੇਗਾ, ਇਸ ਤਰ੍ਹਾ ਪਿੰਡ ਦੇ ਰਸਤਿਆਂ ਵਿੱਚ ਪਾਣੀ ਖੜਨ ਦੀ ਨੋਬਤ ਨਹੀਂ ਆਵੇਗੀ ਤੁਹਾਡੇ ਰਸਤੇ ਲੰਮਾ ਸਮਾਂ ਹੰਡ ਸਕਣਗੇ। ਉਹਨਾਂ ਕਿਹਾ ਕਿ ਬਰਸਾਤ ਦੇ ਦਿਨਾਂ ਵਿੱਚ ਤੁਹਾਨੂੰ ਇਸ ਕੰਮ ਦਾ ਸੁੱਖ ਮਿਲੇਗਾ।
ਸ੍ਰ ਖਹਿਰਾ ਨੇ ਦੱਸਿਆ ਕਿ ਪੰਚਾਇਤਾਂ ਨੇ ਇਹੇ ਕੰਮ ਮਨਰੇਗਾ,14ਵੇਂ ਵਿਤ ਕਮਿਸ਼ਨ ਤੋਂ ਪ੍ਰਾਪਤ ਫੰਡਾਂ ਅਤੇ ਸਰਕਾਰ ਵਲੋਂ ਜਾਰੀ ਕੀਤੇ ਵਿਸ਼ੇਸ ਫੰਡਾਂ ਨਾਲ ਪੂਰਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ 9 ਬਲਾਕਾਂ ਤੇਂ ਪ੍ਰਾਪਤ ਹੋਈ ਸੂਚਨਾ ਅਨੁਸਾਰ ਮਨਰੇਗਾ ਫੰਡਾਂ ਵਿੱਚੋਂ 2.75 ਕਰੋੜ, 14ਵੇਂ ਵਿਤ ਕਮਿਸ਼ਨ ਤੋਂ 1.24 ਕਰੋੜ ਅਤੇ ਹੋਰ ਫੰਡਾਂ ਵਿਚੋਂ ਕਰੀਬ 1 ਕਰੋੜ 3 ਲੱਖ ਰੁਪਏ ਖਰਚ ਕੇ ਇਹ ਕੰਮ ਨੇਪਰੇ ਚਾੜਿਆ ਹੈ। ਸ੍ਰ ਖਹਿਰਾ ਨੇ ਜ਼ਿਲ੍ਹਾ ਪੰਚਾਇਤ ਅਤੇ ਵਿਕਾਸ ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਨੂੰ ਹਦਾਇਤ ਕੀਤੀ ਕਿ ਉਹ ਭਵਿੱਖ ਵਿੱਚ ਇਸ ਪਾਣੀ ਲਈ ਖੇਤੀ ਖੇਤਰ ਲਈ ਵਰਤੋ ਦੇ ਵਿਕਲਪ ਉਤੇ ਕੰਮ ਕਰਨ, ਤਾਂ ਜੋ ਸਾਨੂੰ ਹੇਠੋਂ ਘੱਟ ਤੋਂ ਘੱਟ ਪਾਣੀ ਲੈਣਾ ਪਵੇ। ਸ੍ਰ ਖਹਿਰਾ ਨੇ ਕਿਹਾ ਕਿ ਭੂਮੀ ਵਿਕਾਸ ਵਿਭਾਗ ਨਾਲ ਮਿਲ ਕੇ ਅਜਿਹੇ ਪਿੰਡਾ ਵਿੱਚ ਕੰਮ ਕਰੋ, ਜਿਥੋ ਪਾਣੀ ਕੁਦਰਤੀ ਤਰੀਕੇ ਨਾਲ ਸਾਫ ਕਰਕੇ ਖੇਤਾ ਤੱਕ ਅਸਾਨੀ ਨਾਲ ਪਹੁੰਚ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਕ ਡਾਊਨ ਦੌਰਾਨ ਵੀ ਪਿੰਡਾਂ ਵਿਚ ਤੇਜ਼ੀ ਨਾਲ ਵਿਕਾਸ ਕਾਰਜ ਜਾਰੀ ਹਨ ਅਤੇ ਪਿੰਡਾਂ ਦੀਆਂ ਗਲੀਆਂ,ਨਾਲੀਆਂ ਅਤੇ ਫਿਰਨੀਆਂ ਨੂੰ ਵੀ ਪੱਕਾ ਕੀਤਾ ਜਾ ਰਿਹਾ ਹੈ। ਉੋਨ੍ਹਾਂ ਦੱਸਿਆ ਕਿ ਪਿੰਡਾਂ ਵਿਚ ਬਣੇ ਹੋਏ ਸ਼ਮਸ਼ਾਨਘਾਟਾਂ ਦੀ ਚਾਰਦੀਵਾਰੀ ਵੀ ਕੀਤੀ ਜਾ ਰਹੀ ਅਤੇ ਸ਼ਮਸ਼ਾਨਘਾਟਾਂ ਨੂੰ ਜਾਂਦੇ ਰਸਤੇ ਵੀ ਪੱਕੇ ਕੀਤੇ ਜਾ ਰਹੇ ਹਨ।