—–ਸਾਉਣੀ ਦੀਆਂ ਫਸਲਾਂ ਦੀ ਕਾਸ਼ਤ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਆਉਣ ਦੀ ਸੂਰਤ ਵਿੱਚ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ਼
—ਕਿਸਾਨਾਂ ਨੂੰ ਮਿਸ਼ਨ ਫਤਿਹ ਦੀਆਂ ਹਦਾਇਤਾਂ ਤੋਂ ਵੀ ਕਰਵਾਇਆ ਜਾਗਰੁਕ
ਅੰਮ੍ਰਿਤਸਰ: 3 ਅਗਸਤ ( ਨਿਊ ਸੁਪਰ ਭਾਰਤ ਨਿਊਜ਼ )
ਯੂਰੀਆ ਖਾਦ ਦੀ ਕਾਰਜਕੁਸ਼ਲਤਾ ਵਧਾਉਣ ਲਈ ਜ਼ਰੂਰੀ ਹੈ ਕਿ ਯੂਰੀਆ ਝੋਨੇ ਦੀ ਫਸਲ ਨੂੰ ਪਾਉਣ ਸਮੇਂ ਖੇਤ ਵਿੱਚ ਪਾਣੀ ਨਾਂ ਹੋਵੇ ਅਤੇ ਯੂਰੀਆ ਪਾਉਣ ਤੋਂ ਬਾਅਦ ਤੀਜੇ ਦਿਨ ਪਾਣੀ ਲਾਉ । ਇਹ ਵਿਚਾਰ ਡਾ: ਗੁਰਦਿਆਲ ਸਿੰਘ ਬੱਲ ਮੁੱਖ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿੰਡਾਂ ਵਿੱਚ ਕਿਸਾਨਾਂ ਨਾਲ ਝੋਨੇ ਵਿੱਚ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਿਆਂ ਕਹੇ।
ਉਨਾਂ ਕਿਹਾ ਕਿ ਸਿਹਤ ਵਿਭਾਗ ,ਪੰਜਾਬ ਸਰਕਾਰ ਵੱਲੋਂ ਕੋਵਿਡ -19 ਦੇ ਅਗਾਹ ਪਸਾਰ ਨੂੰ ਰੋਕਣ ਲਈ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਭੀੜ ਭਾੜ ਵਾਲੀਆਂ ਜਗਾ ਤੇ ਜਾਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਨੱਕ ਅਤੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਜਾਇਆ ਜਾਵੇ ਅਤੇ ਹੱਥਾਂ ਦੀ ਸਫਾਈ ਲਈ ਸਮੇਂ ਸਮੇਂ ਤੇ ਸੈਨੇਟਾਈਜ਼ਰ ਜਾ ਸਾਬਣ ਨਾਲ ਹੱਥਾਂ ਨੂੰ ਧੋਇਆ ਜਾਵੇ। ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ ਸਿਫਾਰਸ਼ ਤੋਂ ਜ਼ਿਆਦਾ ਯੂਰੀਆ ਖਾਦ ਵਰਤੋਂ ਕਰਨ ਨਾਲ ਫਸਲ ਉਪਰ ਕੀੜੇ ਅਤੇ ਬਿਮਾਰੀਆਂ ਵਧੇਰੇ ਹਮਲਾ ਕਰਦੀਆਂ ਹਨ ,ਇਸ ਲਈ ਸਿਫਾਰਸ਼ਾਂ ਮੁਤਾਬਕ ਹੀ ਖਾਦਾਂ ਖਾਸ ਕਰਕੇ ਯੂਰੀਆ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨਾਂ ਕਿਹਾ ਕਿ ਖੇਤੀ ਤੋਂ ਸ਼ੁਧ ਆਮਦਨ ਤਾਂ ਹੀ ਵਧਾਈ ਜਾ ਸਕਦੀ ਹੈ ਜੇਕਰ ਗੈਰ ਜ਼ਰੂਰੀ ਖੇਤੀ ਸਮੱਗਰੀ ਦੀ ਵਰਤੋਂ ਝੋਨੇ ਜਾਂ ਕਿਸੇ ਹੋਰ ਫਸਲ ਵਿੱਚ ਨਾਂ ਕੀਤੀ ਜਾਵੇ। ਉਨਾਂ ਕਿਹਾ ਕਿ ਗਰਮੀ ਪੈਣ ਅਤੇ ਬਰਸਾਤ ਨਾਂ ਹੋਣ ਕਾਰਨ ਝੋਨੇ ਦੀ ਫਸਲ ਖਾਸ ਕਰਕੇ ਐਚ ਕੇ ਆਰ 47 ਕਿਸਮ ਵਿੱਚ ਪੀਲਾ ਪਣ ਆਇਆ ਹੈ ਜਿਸ ਨੂੰ ਦੇਖਦਿਆਂ ਕਿਸਾਨਾਂ ਵੱਲੋਂ ਯੂਰੀਆ ਦੀ ਪ੍ਰਤੀ ਏਕੜ ਵਧੇਰੇ ਵਰਤੋਂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਝੋਨੇ ਦੀ ਫਸਲ ਵਿੱਚ ਵਧੇਰੇ ਯੂਰੀਆ ਵਰਤਣ ਨਾਲ ਕੀੜਿਆਂ ਅਤੇ ਬਿਮਾਰੀ ਦੇ ਵਧਰੇ ਹਮਲੇ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਫਸਲ ਨੂੰ 90 ਕਿਲੋ ਯੂਰੀਆ ਪ੍ਰਤੀ ਏਕੜ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ 90 ਕਿਲੋ ਯੂਰੀਆ ਨੂੰ ਤਿੰਨ ਬਰਾਬਰ ਕਿਸ਼ਤਾਂ ਵਿੱਚ ਪਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਯੂਰੀਆ ਦੀ ਦੂਜੀ ਕਿਸ਼ਤ ਲਵਾਈ ਤੋਂ 21 ਅਤੇ ਤੀਜੀ ਕਿਸ਼ਤ 42 ਦਿਨ ਬਾਅਦ ਪਾਉਣੀ ਚਾਹੀਦੀ ਹੈ । ਉਨਾਂ ਕਿਹਾ ਕਿ ਯੂਰੀਆ ਦੀ ਦੂਜੀ ਅਤੇ ਤੀਜੀ ਕਿਸ਼ਤ ਪਾਉਣ ਸਮੇਂ ਖੇਤ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਅਤੇ ਪਾਣੀ, ਯੂਰੀਆ ਖਾਦ ਪਾਉਣ ਤੋਂ ਤੀਜੇ ਦਿਨ ਲਾਉਣਾ ਚਾਹੀਦਾ। ਉਨਾਂ ਕਿਹਾ ਕਿ ਜੇਕਰ ਪੀ ਆਰ 126 ਕਿਸਮ ਦੀ ਕਾਸ਼ਤ ਕੀਤੀ ਗਈ ਹੈ ਤਾਂ ਤੀਜੀ ਕਿਸ਼ਤ 35 ਦਿਨਾਂ ਬਾਅਦ ਪਾ ਦੇਣੀ ਚਾਹੀਦੀ ਹੈ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕੁਝ ਕਿਸਾਨ ਯੂਰੀਆ ਖਾਦ ਨਾਲ ਬੂਟਿਆਂ ਦਾ ਫੁਟਾਰਾ ਵਧਾਉਣ ਲਈ ਦਾਣੇਦਾਰ ਕੀਟਨਾਸ਼ਕ ਪਾ ਰਹੇ ਹਨ ਜੋ ਸਿਰਫ ਤੇ ਸਿਰਫ ਖੇਤੀ ਲਾਗਤ ਖਰਚੇ ਵਧਾਉਣ ਦਾ ਸਬੱਬ ਬਣਦੀ ਹੈ। ਉਨਾਂ ਕਿਹਾ ਕਿ ਲੋਹੇ ਦੀ ਘਾਟ ਦੀ ਪੂਰਤੀ ਲਈ ਸਿਫ਼ਾਰਸ਼ ਮੁਤਾਬਕ ਸਪਰੇਅ ਕਰੋ, ਜ਼ਮੀਨ ਰਾਹੀਂ ਲੋਹਾ ਤੱਤ ਪਾਉਣਾ ਅਸਰਦਾਇਕ ਨਹੀਂ ਹੁੰਦਾ।