ਕੈਬਨਿਟ ਮੰਤਰੀ ਸ੍ਰੀ ਓ.ਪੀ. ਸੋਨੀ ਨੇ ਮਿਸ਼ਨ ਫਤਿਹ ਤਹਿਤ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਅਤਿ ਆਧੁਨਿਕ ਕਰੋਨਾ ਟੈਸਟਿੰਗ ਲੈਬ ਦਾ ਕੀਤਾ ਉਦਘਾਟਨ
*ਹੁਣ ਜਿਲੇ ਵਿੱਚ ਰੋਜਾਨਾ ਹੋ ਸਕਣਗੇ ਤਿੰਨ ਹਜ਼ਾਰ ਦੇ ਕਰੀਬ ਟੈਸਟ **ਪੰਜਾਬ ਵਿੱਚ ਕਰੋਨਾ ਟੈਸਟਿੰਗ ਹੁਣ 9 ਹਜ਼ਾਰ ਤੱਕ ਰੋਜ਼ਾਨਾ ਹੋ ਸਕੇਗੀ- ਓ.ਪੀ. ਸੋਨੀ
ਅੰਮ੍ਰਿਤਸਰ / 2 ਜੂਨ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਮਹਾਂਮਾਰੀ ਤੇ ਕਾਬੂ ਪਾਉਣ ਲਈ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ। ਇਸ ਮਿਸ਼ਨ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਕਈ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਅੱਜ ਇਸੇ ਹੀ ਲੜੀ ਤਹਿਤ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਮੈਡੀਕਲ ਖੋਜ ਤੇ ਸਿੱਖਿਆ ਸ੍ਰੀ ਓ.ਪੀ. ਸੋਨੀ ਵੱਲੋਂ ਕਰੋਨਾ ਟੈਸਟਿੰਗ ਲਈ ਅਤਿ ਆਧੁਨਿਕ ਲੈਬ ਦਾ ਉਦਘਾਟਨ ਕੀਤਾ ਜਿਸ ਨਾਲ ਰੋਜਾਨਾ ਕਰੋਨਾ ਮਰੀਜਾਂ ਦੇ ਲੱਗਭੱਗ 3000 ਟੈਸਟ ਹੋ ਸਕਣਗੇ ਜਿਥੇ ਇਹ ਟੈਸਟ ਪਹਿਲਾਂ ਕੇਵਲ 400 ਮਰੀਜਾਂ ਦੇ ਹੀ ਹੁੰਦੇ ਸਨ।

ਕੈਬਿਨਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਮੈਡੀਕਲ ਕਾਲਜ ਫਰੀਦਕੋਟ ਵਿਖੇ ਨਵੇਂ ਲੈਬ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਕੱਲ ਉਨ੍ਹਾਂ ਵੱਲੋਂ ਪਟਿਆਲਾ ਮੈਡੀਕਲ ਕਾਲਜ ਵਿਖੇ ਵੀ ਕਰੋਨਾ ਮਰੀਜਾਂ ਦੇ ਟੈਸਟ ਲਈ ਨਵੇਂ ਲੈਬ ਦਾ ਉਦਘਾਟਨ ਕੀਤਾ ਜਾਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਅਤੇ ਇਸ ਦੀ ਸੈਪਲਿੰਗ, ਟੈਸਟਿੰਗ ਅਤੇ ਮਰੀਜ਼ਾ ਦੇ ਇਲਾਜ ਲਈ ਵਿਆਪਕ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਰਾਜ ਵਿੱਚ ਕਰੋਨਾ ਮਰੀਜ਼ਾਂ ਦੀ ਟੈਸਟ ਦੀ ਸਮਰੱਥਾ ਵਧਾਉਣ ਲਈ ਤਿੰਨੋਂ ਮੈਡੀਕਲ ਕਾਲਜਾਂ ਵਿੱਚ ਅਤਿ ਆਧੁਨਿਕ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਦੇਸ਼ ਵਿੱਚ ਲੱਗਣ ਵਾਲੀਆਂ ਇਹ ਆਪਣੀ ਕਿਸਮ ਦੀਆਂ ਪਹਿਲੀਆਂ ਅਤਿ ਆਧੁਨਿਕ ਕਰੋਨਾ ਟੈਸਟਿੰਗ ਲੈਬਜ਼ ਹਨ ਜਿੰਨਾ ਵਿੱਚ ਕਰੋਨਾ ਬਿਮਾਰੀ ਦਾ ਟੈਸਟ ਅਤਿ ਆਧੁਨਿਕ ਤਕਨੀਕਾਂ ਨਾਲ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸੁਰੱਖਿਅਤ ਲੈਬਾਂ ਵਿੱਚ ਕੰਮ ਕਰਦੇ ਸਟਾਫ ਨੂੰ ਕਰੋਨਾ ਲਾਗ ਲੱਗਣ ਦਾ ਕੋੋਈ ਖਤਰਾ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲੈਬਾਂ ਦੀ ਸਥਾਪਨਾ ਨਾਲ ਸੂਬੇ ਵਿੱਚ ਰੋਜ਼ਾਨਾ ਕਰੋਨਾ ਟੈਸਟਿੰਗ ਦੀ ਸਮੱਰਥਾ 9 ਹਜ਼ਾਰ ਤੱਕ ਪੁੱਜ ਜਾਵੇਗੀ। ਉਨ੍ਹਾਂ ਕਿਹਾ ਕਿ ਇਕ ਲੈਬ ਵਿੱਚ 3 ਹਜ਼ਾਰ ਟੈਸਟ ਹੋਣਗੇ ਅਤੇ ਤਿੰਨਾ ਲੈਬਾਂ ਦੀ ਸਮਰੱਥਾ ਮਿਲਾ ਕੇ ਹੁਣ 9 ਹਜ਼ਾਰ ਹੋ ਜਾਵੇਗੀ। ਜਦਕਿ ਪਹਿਲਾਂ ਇਕ ਦਿਨ ਵਿੱਚ 1050 ਟੈਸਟ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਟੈਸਟਿੰਗ ਦੇ ਮਾਮਲੇ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕਰੋਨਾ ਟੈਸਟ ਲਈ ਸੈਂਪਲ ਪੂਨੇ ਲੈਬੋਰਟਰੀ ਵਿੱਚ ਭੇਜਣੇ ਪੈਂਦੇ ਸਨ ਅਤੇ ਉਨ੍ਹਾਂ ਦੀ ਰਿਪੋਰਟ ਆਉਣ ਤੇ 14 ਦਿਨ ਤੋਂ ਵੀ ਵੱਧ ਸਮਾਂ ਲੱਗ ਜਾਂਦਾ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੈਬਾਂ ਦੀ ਸਥਾਪਨਾ ਨਾਲ ਹੁਣ ਰਿਪੋਰਟ ਉਸੇ ਦਿਨ ਹੀ ਪ੍ਰਾਪਤ ਹੋ ਜਾਵੇਗੀ।

ਸ੍ਰੀ ਸੋਨੀ ਨੇ ਕਿਹਾ ਕਿ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਵੱਲੋਂ ਬਹੁਤ ਹੀ ਵਧੀਆ ਕੰਮ ਕੀਤਾ ਜਾ ਰਿਹਾ ਹੈ ਅਤੇ ਦਿਨ ਰਾਤ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ। ਸ੍ਰੀ ਸੋਨੀ ਵੱਲੋਂ ਡਾਕਟਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਡਾਕਟਰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਕਰੋਨਾ ਮਰੀਜਾਂ ਦਾ ਇਲਾਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਵੱਲੋਂ ਵੀ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣੀ ਆਪਣੀ ਡਿਊਟੀ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਹਨ। ਸ੍ਰੀ ਸੋਨੀ ਨੈ ਦੱਸਿਆ ਕਿ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਜਲਦ ਹੀ ਪਲਾਜਮਾ ਥਰੈਪੀ ਤੇ ਵੀ ਕੰਮ ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਕਰੋਨਾ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮੇਂ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਰੋਜਾਨਾ 1200 ਦੇ ਲੱਗਭੱਗ ਮਰੀਜਾਂ ਦੇ ਟੈਸਟ ਹੋਣ ਲਈ ਆ ਰਹੇ ਹਨ ਅਤੇ ਨਵੇਂ ਲੈਬ ਸਥਾਪਤ ਹੋਣ ਨਾਲ ਸਾਰੇ ਮਰੀਜਾਂ ਦੇ ਟੈਸਟ ਇਕ ਦਿਨ ਵਿੱਚ ਹੋ ਸਕਣਗੇ।
ਸ੍ਰੀ ਸੋਨੀ ਨੇ ਦੱਸਿਆ ਕਿ ਇਸ ਸਮੇਂ ਜਿਲੇ ਵਿੱਚ ਲੱਗਭੱਗ 60 ਦੇ ਕਰੀਬ ਕਰੋਨਾ ਦੇ ਮਰੀਜ ਦਾਖਲ ਹਨ ਜਿੰਨਾਂ ਦਾ ਪੂਰਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਜਿਲ੍ਹਾ ਪ੍ਰਸਾਸ਼ਨ ਸਾਰੇ ਪੁਖਤਾ ਇੰਤਜਾਮ ਕੀਤੇ ਗਏ ਹਨ।

ਇਸ ਮੌਕੇ ਸ੍ਰ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਡਾ: ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਪ੍ਰਿੰਸੀਪਲ ਮੈਡੀਕਲ ਕਾਲਜ ਸੁਜਾਤਾ ਸ਼ਰਮਾ, ਵਾਇਸ ਪ੍ਰਿੰਸੀਪਲ ਡਾ: ਵੀਨਾ ਚਤਰਥ, ਡਾ: ਸ਼ਿਲਪ੍ਰੀਤ ਸਿੰਘ ਸਿੱਧੂ, ਡਾ: ਕੇ:ਡੀ: ਸਿੰਘ, ਡਾ: ਨਛੱਤਰ ਸਿੰਘ, ਸੁਪਰਡੰਟ ਮੈਡੀਕਲ ਕਾਲਜ ਡਾ: ਰਮਨ ਸ਼ਰਮਾ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਹਾਜਰ ਸਨ।