ਆਬਕਾਰੀ ਅਤੇ ਪੁਲਿਸ ਨੇ ਸਾਂਝੀ ਛਾਪੇਮਾਰੀ ਕਰਕੇ ਫੜੀ ਨਜਾਇਜ ਸ਼ਰਾਬ ਦੀ ਮਿੰਨੀ ਫੈਕਟਰੀ ****1ਲੱਖ 9 ਕਿਲੋ ਲਾਹਨ ਅਤੇ 1780 ਲੀਟਰ ਦੇਸੀ ਸ਼ਰਾਬ ਕੀਤੀ ਬਰਾਮਦ
ਅੰਮਿ੍ਰਤਸਰ / 01 ਮਾਰਚ / —
ਆਬਕਾਰੀ ਵਿਭਾਗ ਅਤੇ ਪੁਲਿਸ ਵਿਭਾਗ ਦੇ ਸਾਂਝੇ ਯਤਨਾ ਤਹਿਤ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਅਪਰੇਸ਼ਨ ਰੈੱਡ ਰੋਜਿਸ ਤਹਿਤ ਅੱਜ ਤੜਕਸਾਰ ਪਿੰਡ ਖਿਆਲਾਂ ਕਲਾਂ ਜ਼ਿਲਾ ਅੰਮਿ੍ਰਤਸਰ ਵਿਖੇ ਛਾਪਾਮਾਰੀ ਕਰਕੇ 1ਲੱਖ 9 ਕਿਲੋ ਲਾਹਨ, 1780 ਲੀਟਰ ਦੇਸੀ ਸ਼ਰਾਬ, 62 ਡਰੱਮ 200 ਲੀਟਰ ਦੇ, 6 ਐਲ.ਪੀ.ਜੀ. ਸਲੰਡਰ, 31 ਪਲਾਸਟਿਕ ਕੇਟ 100ਲੀਟਰ ਦੇ, 2 ਵਾਟਰ ਟੈਂਕ 500 ਲੀਟਰ ਦੇ, 2 ਪਲਾਸਟਿਕ ਡਰੱਮ 50 ਲੀਟਰ ਦੇ ਅਤੇ 11 ਪਲਾਸਟਿਕ ਕੇਨ 45 ਲੀਟਰ ਦੇ ਜ਼ਬਤ ਕੀਤੇ ਹਨ।
ਇਸ ਸਬੰਧੀ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਸਪਿੰਦਰ ਸਿੰਘ ਡਿਪਟੀ ਕਮਿਸ਼ਨਰ ਐਕਸਾਈਜ਼ ਅਤੇ ਅਵਤਾਰ ਸਿੰਘ ਕੰਗ ਸਹਾਇਕ ਕਮਿਸ਼ਨਰ ਐਕਸਾਈਜ ਨੇ ਦੱਸਿਆ ਕਿ ਇਸ ਪਿੰਡ ਵਿਖੇ ਇਕ ਨਜਾਇਜ ਸ਼ਰਾਬ ਦੀ ਮਿੰਨੀ ਫੈਕਟਰੀ ਚਲਾਈ ਜਾ ਰਹੀ ਸੀ। ਉਨਾਂ ਦੱਸਿਆ ਕਿ ਅੱਜ ਤੜਕਸਾਰ ਇਸ ਪਿੰਡ ਵਿੱਚ ਛਾਪੇਮਾਰੀ ਕੀਤੀ ਗਈ ਅਤੇ 25 ਘਰਾਂ ਦੀ ਤਲਾਸ਼ੀ ਲਈ ਗਈ ਅਤੇ ਮੁਲਜ਼ਮਾਂ ਨਾਲ ਸਬੰਧਤ 7 ਘਰਾਂ ਵਿੱਚ ਇਹ ਬਰਾਮਦਗੀ ਕਰਕੇ 8 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਨਾਂ ਵਿਚੋਂ 3 ਔਰਤਾਂ ਹਨ।
ਉਨਾਂ ਦੱਸਿਆ ਕਿ ਆਬਕਾਰੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਦੀਪ ਸਿੰਘ ਪੁੱਤਰ ਸੁੱਚਾ ਸਿੰਘ, ਸਤਨਾਮ ਸਿੰਘ ਪੁੱਤ ਮੱਸਾ ਸਿੰਘ, ਰਵਿੰਦਰ ਸਿੰਘ ਪੁੱਤਰ ਬੂਟਾ ਸਿੰਘ, ਧਰਮਵੀਰ ਸਿੰਘ ਪੁੱਤਰ ਰਵਿੰਦਰ ਸਿੰਘ, ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਸਵਿੰਦਰ ਕੌਰ ਪਤਨੀ ਹਰਪਾਲ ਸਿੰਘ, ਪ੍ਰੀਤੀ ਪਤਨੀ ਮਨਦੀਪ ਸਿੰਘ ਅਤੇ ਸਿਮਰਨਜੀਤ ਕੌਰ ਪਤਨੀ ਗੁਰਦਿਆਲ ਸਿੰਘ ਵੱਡੇ ਪੱਧਰ ਤੇ ਸ਼ਰਾਬ ਦੀ ਨਜਾਇਜ ਮਿੰਨੀ ਫੈਕਟਰੀ ਚਲਾ ਰਹੇ ਹਨ ਅਤੇ ਇਸ ਨਜਾਇਜ ਸ਼ਰਾਬ ਨੂੰ ਅੰਮਿ੍ਰਤਸਰ ਤੋਂ ਇਲਾਵਾ ਤਰਨਤਾਰਨ ਅਤੇ ਗੁਰਦਾਸਪੁਰ ਵਿਖੇ ਵੇਚ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਮੁਲਜ਼ਿਮਾਂ ਨੂੰ ਮੌਕੇ ਤੇ ਹੀ ਗਿ੍ਰਫਤਾਰ ਕਰ ਲਿਆ ਗਿਆ ਹੈ ਅਤੇ ਇਨਾਂ ਵਿਰੁੱਧ ਥਾਣਾ ਲੋਪੋਕੇ ਵਿਖੇ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ।
ਡਿਪਟੀ ਕਮਿਸ਼ਨਰ ਆਬਕਾਰੀ ਨੇ ਦੱਸਿਆ ਕਿ ਮੁਲਜ਼ਿਮਾਂ ਵਲੋਂ ਆਧੁਨਿਕ ਢੰਗਾਂ ਨਾਲ ਸ਼ਰਾਬ ਦੀ ਮਿੰਨੀ ਫੈਕਟਰੀ ਚਲਾਈ ਜਾ ਰਹੀ ਸੀ। ਜਿਸ ਲਈ ਇਨਾਂ ਵਲੋਂ ਗੈਸ ਸਲੰਡਰਾਂ ਰਾਹੀਂ ਬਰਾਂਡਿਡ ਖਮੀਰ ਦੀ ਵਰਤੋਂ ਕਰਕੇ ਸਥਾਈ ਪਾਈਪ ਲਾਈਨ ਰਾਹੀਂ ਲਾਹਨ ਨੂੰ ਵਿਸ਼ੇਸ਼ ਤੌਰ ਤੇ ਬਣਾਏ ਆਰ.ਸੀ.ਸੀ. ਤਲਾਬ ਅਤੇ ਪਿੰਡਾਂ ਦੇ ਤਲਾਬਾਂ ਵਿੱਚ ਟੋਏ ਪੁੱਟ ਕੇ ਸਟੋਰ ਕੀਤਾ ਜਾਂਦਾ ਸੀ ਅਤੇ ਬਾਅਦ ਵਿੱਚ ਇਨਾਂ ਨੂੰ ਢੱਕ ਦਿੱਤਾ ਜਾਂਦਾ ਸੀ।
ਉਨਾਂ ਦੱਸਿਆ ਕਿ ਆਬਕਾਰੀ ਕਮਿਸ਼ਨਰ ਸ੍ਰੀ ਰਜ਼ਤ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਭਾਗ ਵਲੋਂ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਆਪਰੇਸ਼ਨ ਰੈਡ ਰੋਜਿਸ ਤਹਿਤ ਨਜਾਇਜ਼ ਸ਼ਰਾਬ ਬਣਾਉਣ ਅਤੇ ਸ਼ਰਾਬ ਦੀ ਤਸਕਰੀ ਦੀਆਂ ਜਿਹੜੀਆਂ ਗੈਰਕਾਨੂੰਨੀ ਗਤੀਵਿਧੀਆਂ ਵਿਰੁੱਧ ਲੜਨ ਲਈ ਇਕ ਸਾਂਝਾ ਮੋਰਚਾ ਬਣਾਇਆ ਗਿਆ ਹੈ । ਇਸ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੌਕੇ ਐਸ.ਪੀ. ਸ੍ਰੀ ਸ਼ੈਲਿੰਦਰਜੀਤ ਸਿੰਘ ਨੇ ਦੱਸਿਆ ਕਿ ਇਨਾਂ ਮੁਲਜਮਾਂ ’ਤੇ ਪਹਿਲਾਂ ਵੀ ਮੁਕੱਦਮੇ ਦਰਜ਼ ਹਨ ਅਤੇ ਇਨਾਂ ਵਲੋਂ ਜ਼ਮਾਨਤ ਤੇ ਬਾਹਰ ਆ ਕੇ ਫਿਰ ਇਹ ਕੰਮ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਪੁਲਿਸ ਵਲੋਂ ਇਨਾਂ ਤੇ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ ਸ: ਕਸ਼ਮੀਰ ਸਿੰਘ ਗਿੱਲ ਕਮਾਂਡੈਂਟ 6 ਬਟਾਲੀਅਨ ਵੀ ਹਾਜ਼ਰ ਸਨ।
ਕੈਪਸ਼ਨ: ਸ੍ਰੀ ਜਸਪਿੰਦਰ ਸਿੰਘ ਡਿਪਟੀ ਕਮਿਸ਼ਨਰ ਆਬਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਨਾਲ ਹਨ ਅਵਤਾਰ ਸਿੰਘ ਕੰਗ ਸਹਾਇਕ ਕਮਿਸ਼ਨਰ ਐਕਸਾਈਜ ਅਤੇ ਐਸ.ਪੀ. ਸ੍ਰੀ ਸ਼ੈਲਿੰਦਰਜੀਤ ਸਿੰਘ।
ਛਾਪੇ ਦੌਰਾਨ ਫੜੇ ਗਏ ਮੁਲਜ਼ਮਾਂ ਅਤੇ ਸਾਮਾਨ ਦੀਆਂ ਤਸਵੀਰਾਂ।