ਸਿੱਖਿਆ ਵਿਭਾਗ ਨੇ ਹੁਸ਼ਿਆਰਪੁਰ ਜ਼ਿਲ੍ਹੇ ‘ਚ 16 ਸਮਾਰਟ ਸਿਖਲਾਈ ਕੇਂਦਰ ਸਥਾਪਿਤ ਕੀਤੇ ***ਸਮਾਰਟ ਤਕਨੀਕ ਨਾਲ ਮਿਆਰੀ ਸਿਖਲਾਈ ਲੈਣਗੇ ਅਧਿਆਪਕ ***13.12 ਕਰੋੜ ਰੁਪਏ ਖਰਚੇ ਜਾ ਰਹੇ ਹਨ 150 ਸਮਾਰਟ ਸਿਖਲਾਈ ਕੇਂਦਰਾਂ ‘ਤੇ
ਹੁਸ਼ਿਆਰਪੁਰ, 23 ਫਰਵਰੀ:
ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਯੋਗ ਅਗਵਾਈ ਵਿੱਚ ਪੰਜਾਬ ਦੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਮਾਰਟ ਬਨਾਉਣ ਦੇ ਨਾਲ-ਨਾਲ ਅਧਿਆਪਕਾਂ ਨੂੰ ਜਿਲ੍ਹਿਆਂ ਵਿੱਚ ਮਿਆਰੀ ਅਤੇ ਸਮਾਰਟ ਤਕਨੀਕ ਨਾਲ ਸਿੱਖਣ-ਸਿਖਾਉਣ ਵਿਧੀਆਂ ਦੀ ਸਿਖਲਾਈ ਦੇਣ ਲਈ 13.12. ਕਰੋੜ ਰੁਪਏ ਦੀ ਲਾਗਤ ਨਾਲ 150 ਵਿਸ਼ੇਸ਼ ਸਮਾਰਟ ਸਿਖਲਾਈ ਕੇਂਦਰ ਤਿਆਰ ਕੀਤੇ ਜਾ ਰਹੇ ਹਨ। ਜਿਨ੍ਹਾਂ ਤਹਿਤ ਹੁਸ਼ਿਆਰਪੁਰ ਜਿਲ੍ਹੇ ‘ਚ 140.16 ਲੱਖ ਦੀ ਲਾਗਤ ਨਾਲ 16 ਸਮਾਰਟ ਸਿਖਲਾਈ ਕੇਂਦਰ ਸਥਾਪਤ ਕੀਤੇ ਗਏ ਹਨ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਗੁਰਸ਼ਰਨ ਸਿੰਘ ਤੇ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਇੰਜੀ. ਸੰਜੀਵ ਗੌਤਮ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਪੰਜਾਬ ਅੰਦਰ ਸਮਾਰਟ ਸਿਖਲਾਈ ਕੇਂਦਰ ਤਿਆਰ ਕੀਤੇ ਜਾ ਰਹੇ ਹਨ। ਇਹਨਾਂ ਸਮਾਰਟ ਸਿਖਲਾਈ ਕੇਂਦਰਾਂ ਵਿੱਚ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਪ੍ਰੋਜੈਕਟਰ, ਮਿਆਰੀ ਦਰਜੇ ਦਾ ਫ਼ਰਨੀਚਰ, ਆਧੁਨਿਕ ਸਾਉਂਡ ਸਿਸਟਮ ਅਤੇ ਲੋੜੀਂਦੀ ਸਹਾਇਕ ਸਮੱਗਰੀ ਉਪਲਬਧ ਕਰਵਾਈ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ 16 ਸਮਾਰਟ ਟਰੇਨਿੰਗ ਸੈਂਟਰਾਂ ਵਿੱਚ ਲਾਚੋਵਾਲ, ਹੁਸ਼ਿਆਰਪੁਰ, ਜਹਾਨ ਖੇਲਾਂ, ਖਡਿਆਲਾ ਸੈਣੀਆਂ, ਮਾਹਿਲਪੁਰ, ਗੜ੍ਹਸ਼ੰਕਰ, ਖ਼ਾਨਪੁਰ, ਕੰਗ ਮਾਈ, ਮਸਤੀਵਾਲ ਪੰਡੋਰੀ ਸੁੰਮਲਾ, ਟਾਂਡਾ, ਦਸੂਹਾ, ਜਲੋਟਾ, ਮੁਕੇਰੀਆਂ, ਹਾਜੀਪੁਰ, ਅਜਨੋਹਾ, ਖੱਖ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਸਿਖਲਾਈ ਸੈਸ਼ਨਾਂ ਦੀ ਅੱਜ-ਕੱਲ ਮਹੱਤਤਾ ਵੀ ਵੱਧ ਗਈ ਹੈ ਕਿਉਂਕਿ ਵਿਦਿਆਰਥੀਆਂ ਨੂੰ ਸਮਾਰਟ ਤਕਨੀਕਾਂ ਨਾਲ ਪੜ੍ਹਾਉਣ ਲਈ ਸਕੂਲਾਂ ਵਿੱਚ ਪ੍ਰੋਜੈਕਟਰ ਅਤੇ ਈ-ਕੰਟੈਂਟ ਦੀ ਵਰਤੋਂ ਕੀਤੀ ਜਾਂਦੀ ਹੈ। ਅਧਿਆਪਕਾਂ ਵਿੱਚ ਸਿਖਲਾਈ ਸਮੇਂ ਸਮਾਰਟ ਸੁਵਿਧਾਵਾਂ ਦਾ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ ਤਾਂ ਜੋ ਉਹ ਬੇਝਿਜਕ ਇਹਨਾਂ ਦੀ ਵਰਤੋਂ ਕਰਨ ਲਈ ਸਿਖਲਾਈ ਲੈ ਸਕਣ। ਇਸਦੇ ਨਾਲ ਹੀ ਵਿਭਾਗ ਵੱਲੋਂ ਸਟੇਟ ਅਤੇ ਜ਼ਿਲ੍ਹਾ ਰਿਸੋਰਸ ਪਰਸਨ ਵੀ ਅਧਿਆਪਕ ਸਿਖਲਾਈ ਮਾਡਿਊਲ ਅਤੇ ਕੰਟੈਂਟ ਵੀ ਪਾਵਰ-ਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਦਰਸਾਉਂਦੇ ਹਨ ਜਿਸ ਲਈ ਸਿਖਲਾਈ ਕੇਂਦਰ ਦਾ ਸਮਾਰਟ ਹੋਣਾ ਸੋਨੇ ਤੇ ਸੁਹਾਗੇ ਵਾਲਾ ਕੰਮ ਹੈ। ਉਹਨਾਂ ਕਿਹਾ ਕਿ ਅਧਿਆਪਕ ਬਹੁਤ ਹੀ ਜਿਆਦਾ ਰੁਚੀ ਦਿਖਾ ਕੇ ਇਹਨਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਹਨ। ਇਹਨਾਂ ਸਮਾਰਟ ਸਿਖਲਾਈ ਕੇਂਦਰਾਂ ਦੇ ਸਾਕਾਰਾਤਮਕ ਪ੍ਰਭਾਵ ਭਵਿੱਖ ਵਿੱਚ ਦੇਖਣ ਲਈ ਮਿਲਣਗੇ। ਇਸ ਮੌਕੇ ਰਾਕੇਸ਼ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਸੁਖਵਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਪ੍ਰਿੰ. ਸ਼ੈਲੇਂਦਰ ਠਾਕੁਰ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਫੋਟੋ:
1. ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਗੁਰਸ਼ਰਨ ਸਿੰਘ
2. ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਇੰਜੀ. ਸੰਜੀਵ ਗੌਤਮ