November 24, 2024

ਡਿਪਟੀ ਕਮਿਸ਼ਨਰ ਵੱਲੋਂ ਜ਼ਿਲਾ ਵਾਸੀਆਂ ਨੂੰ ਸਰਦ ਰੁੱਤ ਦੌਰਾਨ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ

0


ਫਰੀਦਕੋਟ / 09  ਦਸੰਬਰ / ਨਿਊ ਸੁਪਰ ਭਾਰਤ ਨਿਊਜ਼:


              ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ  ਨੇ ਜ਼ਿਲਾ ਵਾਸੀਆਂ ਨੂੰ ਸਰਦ ਰੁੱਤ ਦੌਰਾਨ ਪੈਣ ਵਾਲੀ ਕੜਾਕੇ ਦੀ ਠੰਢ ਅਤੇ ਧੁੰਦ ਵਿਚ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ, ਕਿਉਂਕਿ ਮੌਸਮ ਵਿਭਾਗ ਵੱਲੋਂ ਪੱਛਮੀ ਗੜਬੜੀ ਕਾਰਨ ਇਸ ਵਾਰ ਸ਼ੀਤ ਲਹਿਰ ਦੇ ਬੇਹੱਦ ਪ੍ਰਭਾਵੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਇਨਾਂ ਸਾਵਧਾਨੀਆਂ ਦੀ ਪਾਲਣਾ ਹੋਰ ਵੀ ਜ਼ਰੂਰੀ ਹੈ, ਕਿਉਂਕਿ ਕੋਰੋਨਾ ਵਾਇਰਸ ਸਾਹ ਪ੍ਰਣਾਲੀ ‘ਤੇ ਸਿੱਧਾ ਹਮਲਾ ਕਰਦਾ ਹੈ ਅਤੇ ਸ਼ੀਤ ਲਹਿਰ ਦੌਰਾਨ ਫਲੂ, ਨੱਕ ਦਾ ਵਗਣਾ ਜਾਂ ਗਲਾ ਖ਼ਰਾਬ ਹੋਣਾ ਆਮ ਅਲਾਮਤਾਂ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਦ ਰੁੱਤ ਦੌਰਾਨ ਗਰਮ ਕੱਪੜਿਆਂ, ਦਸਤਾਨਿਆਂ ਅਤੇ ਮਫਲਰ ਆਦਿ ਦੀ ਵਰਤੋਂ ਕੀਤੀ ਜਾਵੇ ਅਤੇ ਨੱਕ, ਮੂੰਹ ਅਤੇ ਸਿਰ ਢੱਕ ਕੇ ਰੱਖਿਆ ਜਾਵੇ। ਇਸੇ ਤਰਾਂ ਪੈਰਾਂ ਨੂੰ ਠੰਢ ਤੋਂ ਬਚਾਉਣ ਲਈ ਬੰਦ ਜੁੱਤੀਆਂ ਦਾ ਇਸਤੇਮਾਲ ਕੀਤਾ ਅਤੇ ਭਿੱਜ ਜਾਣ ‘ਤੇ ਗਿੱਲੇ ਕੱਪੜੇ ਤੁਰੰਤ ਬਦਲ ਲਏ ਜਾਣ।

ਡਿਪਟੀ ਕਮਿਸ਼ਨਰ ਸ਼੍ਰੀ ਵਿਮਲ ਕੁਮਾਰ ਸੇਤੀਆ  ਨੇ ਕਿਹਾ ਕਿ ਠੰਢ ਤੇ ਕੋਵਿਡ-19 ਦੇ ਸੰਪਰਕ ਵਿਚ ਆਉਣ ਤੋਂ ਬਚਣ ਲਈ ਘਰਾਂ ਦੇ ਅੰਦਰ ਰਹਿਣ ਨੂੰ ਹੀ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ। ਘਰਾਂ ਦੇ ਦਰਵਾਜ਼ੇ ਅਤੇ ਖਿੜਕਿਆਂ ਚੰਗੀ ਤਰਾਂ ਬੰਦ ਰੱਖੇ ਜਾਣ, ਤਾਂ ਜੋ ਠੰਢੀ ਹਵਾ ਅੰਦਰ ਨਾ ਆ ਸਕੇ। ਉਨਾਂ ਕਿਹਾ ਕਿ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਸ਼ਕਤੀ ਵਧਾਉਣ ਲਈ ਸਰੀਰ ਨੂੰ ਗਰਮ ਰੱਖਣਾ ਬੇਹੱਦ ਜ਼ਰੂਰੀ ਹੈ, ਇਸ ਲਈ ਵਿਟਾਮਿਨ-ਸੀ ਨਾਲ ਭਰਪੂਰ ਸੰਤੁਲਿਤ ਭੋਜਨ ਦੇ ਨਾਲ-ਨਾਲ ਥੋੜੇ-ਥੋੜੇ ਵਕਫੇ ‘ਤੇ ਗਰਮ ਤਰਲ ਪਦਾਰਥ ਵੀ ਲੈਂਦੇ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਮੌਸਮ ਵਿਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਕਿ ਘਰਾਂ ਅੰਦਰ ਗਰਮਾਇਸ਼ ਰੱਖਣ ਲਈ ਕੋਲੇ ਵਾਲੀ ਅੰਗੀਠੀ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।


              ਉਨਾਂ ਕਿਹਾ ਕਿ ਰਾਹਗੀਰਾਂ ਨੂੰ ਚਾਹੀਦਾ ਹੈ ਕਿ ਉਹ ਧੁੰਦ ਦੌਰਾਨ ਵਾਹਨ ਹੌਲੀ ਚਲਾਉਣ, ਆਪਣੇ ਵਾਹਨਾਂ ਦੀਆਂ ਲਾਈਟਾਂ ਠੀਕ ਕਰਵਾ ਕੇ ਰੱਖਣ ਅਤੇ ਵਾਹਨ ਚਲਾਉਣ ਵੇਲੇ ਸੰਗੀਤ ਦੀ ਆਵਾਜ਼ ਮੱਧਮ ਰੱਖਣ। ਇਸੇ ਤਰਾਂ ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਦ ਰੁੱਤ ਦੌਰਾਨ ਫ਼ਸਲਾਂ ਦੇ ਸਹੀ ਵਿਕਾਸ ਲਈ ਖ਼ੁਰਾਕੀ ਤੱਤਾਂ ਦਾ ਖਾਸ ਖਿਆਲ ਰੱਖਣ। ਉਨਾਂ ਕਿਹਾ ਕਿ ਸਰਦ ਰੁੱਤ ਦੌਰਾਨ ਫੁਹਾਰਾ ਸਿੰਚਾਈ ਫ਼ਸਲਾਂ ਲਈ ਕਾਫੀ ਹੱਦ ਤੱਕ ਲਾਹੇਵੰਦ ਸਾਬਿਤ ਹੁੰਦੀ ਹੈ। ਉਨਾਂ ਕਿਹਾ ਕਿ ਇਸ ਦੇ ਨਾਲ ਹੀ ਪਾਲਤੂ ਪਸ਼ੂਆਂ ਨੂੰ ਵੀ ਠੰਢ ਕੇ ਪ੍ਰਕੋਪ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਤਬੇਲਿਆਂ ਅੰਦਰ ਸਿੱਧੀ ਹਵਾ ਜਾਣ ਤੋਂ ਬਚਾਅ ਰੱਖਣਾ ਚਾਹੀਦਾ ਹੈ।  

Leave a Reply

Your email address will not be published. Required fields are marked *