ਕੈਬਨਿਟ ਮੰਤਰੀ ਸੋਨੀ ਨੇ ਵਾਰਡ ਨੰ: 70 ਵਿਖੇ 22 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦਾ ਕੀਤਾ ਉਦਘਾਟਨ
ਟਿਊਬਵੈਲ ਲੱਗਣ ਨਾਲ ਭਰਾੜੀਵਾਲ, ਗੁਰੂ ਨਾਨਕ ਨਗਰ, ਪ੍ਰੀਤ ਐਵੀਨਿਊ ਦੇ ਲੋਕਾਂ ਨੂੰ ਮਿਲੇਗਾ ਸਾਫ਼ ਪਾਣੀ
ਅੰਮ੍ਰਿਤਸਰ 21 ਨਵੰਬਰ / ਨਿਊ ਸੁਪਰ ਭਾਰਤ ਨਿਊਜ਼ —
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਹੋਰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਾਉਣਾ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਰਡ ਨੰ: 70 ਦੇ ਅਧੀਨ ਪੈਂਦੇ ਇਲਾਕੇ ਗੁਰੂ ਨਾਨਕ ਨਗਰ ਵਿਖੇ 22 ਲੱਖ ਰੁਪਏ ਦੀ ਲਾਗਤ ਨਾਲ ਬਣੇ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਕੀਤਾ। ਸ੍ਰੀ ਸੋਨੀ ਨੇ ਕਿਹਾ ਕਿ ਲੋਕਾਂ ਦੀ ਪਿਛਲੇ ਕਾਫ਼ੀ ਸਮੇਂ ਤੋਂ ਮੰਗ ਸੀ ਕੀ ਵਾਰਡ ਨੰ: 70 ਵਿੱਚ ਪੀਣ ਵਾਲੇ ਪਾਣੀ ਦੀ ਕਾਫ਼ੀ ਸਮੱਸਿਆ ਹੈ ਅਤੇ ਇਸ ਲਈ ਇਕ ਨਵਾਂ ਟਿਊਬਵੈਲ ਲਗਾਇਆ ਜਾਵੇ। ਉਨਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅੱਜ ਨਵੇਂ ਟਿਊਬਵੈਲ ਦਾ ਉਦਘਾਟਨ ਕਰ ਦਿੱਤਾ ਹੈ । ਉਨਾਂ ਕਿਹਾ ਕਿ ਇਸ ਟਿਊਬਵੈਲ ਦੇ ਲੱਗਣ ਨਾਲ ਝਬਾਲ ਰੋਡ, ਭਰਾੜੀਵਾਲ, ਗੁਰੂ ਨਾਨਕ ਨਗਰ ਅਤੇ ਪ੍ਰੀਤ ਐਵੀਨਿਊ ਦੇ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਹੋਵੇਗਾ ਅਤੇ ਇਸ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਉਨਾਂ ਕਿਹਾ ਕਿ ਇਨਾਂ ਸਾਰਿਆਂ ਇਲਾਕਿਆਂ ਵਿੱਚ ਨਵੀਆਂ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਵਾਈਆਂ ਗਈਆਂ ਹਨ।
ਸ੍ਰੀ ਸੋਨੀ ਨੇ ਕਿਹਾ ਕਿ ਵੋਟਾਂ ਦੌਰਾਨ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਹਰ ਹੀਲੇ ਪੂਰੇ ਕੀਤੇ ਜਾਣਗੇ ਅਤੇ ਵਿਕਾਸ ਕਾਰਜਾਂ ਵਿਚ ਕੋਈ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਸੋਨੀ ਵਲੋਂ ਉਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਨਿਰੀਖਣ ਵੀ ਕੀਤਾ ਗਿਆ ਅਤੇ ਸਬੰਧ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਦੇ ਕਾਰਜ ਮਿਥੇ ਸਮੇਂ ਅੰਦਰ ਪੂਰੇ ਕੀਤੇ ਜਾਣ ਅਤੇ ਗੁਣਵੱਤਾ ਦਾ ਖਾਸ ਧਿਆਨ ਰੱਖਿਆ ਜਾਵੇ। ਸ੍ਰੀ ਸੋਨੀ ਨੇ ਕਿਹਾ ਕਿ ਕੇਂਦਰੀ ਵਿਧਾਨ ਸਭਾ ਦੇ ਅਧੀਨ ਪੈਂਦੀਆਂ ਸਾਰੀਆਂ ਵਾਰਡਾਂ ਵਿੱਚ ਵਿਕਾਸ ਕਾਰਜ ਅੰਤਮ ਪੜ•ਾਅ ਵਿਚ ਹਨ ਅਤੇ ਇਸ ਸਾਲ ਦੇ ਅੰਤ ਤੱਕ ਸਾਰੇ ਵਿਕਾਸ ਕਾਰਜ ਮੁਕੰਮਲ ਕਰ ਲਏ ਜਾਣਗੇ।
ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਸ੍ਰੀਮਤੀ ਰਾਜਬੀਰ ਕੌਰ, ਸ੍ਰੀ ਪਰਮਜੀਤ ਸਿੰਘ ਚੋਪੜਾ, ਸ: ਸਤਪਾਲ ਸਿੰਘ ਕਾਲੇ ਸ਼ਾਹ, ਜਸਬੀਰ ਸਿੰਘ ਸਾਬੀ ਪ੍ਰਧਾਨ, ਸ: ਦਲਜੀਤ ਸਿੰਘ, ਸ: ਬਲਵਿੰਦਰ ਸਿੰਘ, ਸ੍ਰੀ ਤਿਲਕ ਰਾਜ, ਸ: ਜਵਿੰਦਰ ਸਿੰਘ ਜੇ.ਈ., ਸ੍ਰੀ ਰਮਨ ਵਿਰਕ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
ਕੈਪਸ਼ਨ : —
ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਾਰਡ ਨੰ: 70 ਵਿਖੇ ਨਵੇਂ ਟਿਊਬਵੈਲ ਦਾ ਉਦਘਾਟਨ ਕਰਦੇ ਹੋਏ। ਨਾਲ ਨਜ਼ਰ ਆ ਰਹੇ ਹਨ ਸ੍ਰੀ ਵਿਕਾਸ ਸੋਨੀ ਕੌਂਸਲਰ