ਪਿੰਡ ਭਾਗੋਵਾਲ ਦੀ ਬੈਂਕ ’ਚੋਂ ਲੁੱਟੇ 3,78,500 ਰੁਪਏ ਜ਼ਿਲ੍ਹਾ ਪੁਲਿਸ ਵਲੋਂ ਬਰਾਮਦ, ਰਿਹਾਣਾ ਜੱਟਾਂ ’ਚ ਹੋਈ ਖੋਹ ਵੀ ਕੀਤੀ ਹੱਲ ***੍ਹ ਸੱਤਾ ਤੇ ਗਿੰਦਾ ਨੂੰ ਤਿਹਾੜ ਜੇਲ੍ਹ ’ਚੋਂ ਲਿਆ ਕੇ ਕੀਤੀ ਪੁੱਛਗਿੱਛ ਪਿਛੋਂ ਹੋਈ ਬਰਾਮਦਗੀ : ਐਸ.ਐਸ.ਪੀ.
ਹੁਸ਼ਿਆਰਪੁਰ, 12 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:
ਜ਼ਿਲ੍ਹੇ ਵਿੱਚ ਹੋਈਆਂ ਬੈਂਕ ਡਕੈਤੀਆਂ ਵਿੱਚ ਸ਼ਾਮਲ ਦੋ ਮੁਲਾਜ਼ਮਾਂ ਨੂੰ ਦਿੱਲੀ ਦੀ ਤਿਹਾੜ ਜੇਲ ਵਿਚੋਂ ਲਿਆ ਕੇ ਇਨ੍ਹਾਂ ਮਾਮਲਿਆਂ ਦੀ ਜਾਂਚ ਨੂੰ ਹੋਰ ਅੱਗੇ ਵਧਾਉਂਦਿਆਂ ਜ਼ਿਲ੍ਹਾ ਪੁਲਿਸ ਨੇ ਮੁਲਜ਼ਮਾਂ ਵਲੋਂ ਪੰਜਾਬ ਐਂਡ ਸਿੰਘ ਬੈਂਕ ਭਾਗੋਵਾਲ ਤੋਂ ਲੁੱਟੇ 3,78,500 ਰੁਪਏ ਬਰਾਮਦ ਕਰਦਿਆਂ ਪਿੰਡ ਰਿਹਾਣਾ ਜੱਟਾਂ ਵਿੱਚ ਮਨੀ ਚੇਂਜਰ ਤੋਂ ਹੋਈ 80,000 ਰੁਪਏ ਦੀ ਲੁੱਟ ਦਾ ਮਾਮਲਾ ਵੀ ਹੱਲ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਐਸ.ਪੀ (ਜਾਂਚ) ਰਵਿੰਦਰ ਪਾਲ ਸੰਧੂ ਦੀ ਅਗਵਾਈ ਵਿੱਚ ਥਾਣਾ ਹਰਿਆਣਾ ਅਤੇ ਸੀ.ਆਈ.ਏ ਸਟਾਫ ਦੀ ਟੀਮ ਨੇ ਬੈਂਕ ਡਕੈਤੀਆਂ ਵਿੱਚ ਸ਼ਾਮਲ ਭਗੌੜੇ ਸਤਪਾਲ ਸਿੰਘ ਉਰਫ ਸੱਤਾ ਵਾਸੀ ਹਰਿਆਣਾ ਅਤੇ ਗੁਰਿੰਦਰ ਸਿੰਘ ਉਰਫ ਗਿੰਦਾ ਵਾਸੀ ਲੁਡਿਆਣੀ, ਦਸੂਹਾ ਪਾਸੋਂ ਰਕਮ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਮੁਲਜ਼ਮ ਯੂ.ਕੋ. ਬੈਂਕ ਪਿੰਡ ਕਾਲਰਾ ਥਾਣਾ ਆਦਮਪੁਰ, ਜਲੰਧਰ ਵਿੱਚ ਡਕੈਤੀ ਸਮੇਂ ਬੈਂਕ ਗਾਰਡ ਦਾ ਗੋਲੀ ਮਾਰ ਕੇ ਕਤਲ ਕਰਨ ਉਪਰੰਤ ਭਗੌੜੇ ਸਨ ਜਿਨ੍ਹਾਂ ਨੂੰ 3 ਨਵੰਬਰ 2020 ਨੂੰ ¬ਕ੍ਰਾਈਮ ਬ੍ਰਾਂਚ ਦਿੱਲੀ ਵਲੋਂ ਗ੍ਰਿਫਤਾਰ ਕੀਤਾ ਗਿਆ ਸੀ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਦੋਵਾਂ ਨੂੰ ਤਿਹਾੜ ਜੇਲ ਤੋਂ ਲਿਆ ਕੇ ਤਕਨੀਕੀ ਪੱਖਾਂ ਤੋਂ ਪੁੱਛਗਿੱਛ ਕਰਕੇ ਉਨ੍ਹਾਂ ਪਾਸੋਂ ਪੰਜਾਬ ਐਂਡ ਸਿੰਘ ਬੈਂਕ ਭਾਗੋਵਾਲ ਤੋਂ ਲੁੱਟੇ 3,78,500 ਰੁਪਏ, ਵਾਰਦਾਤ ਵਿੱਚ ਵਰਤੀ ਸਕੂਟਰੀ ਨੰਬਰ ਪੀ.ਬੀ.07, ਬੀ.ਡਬਲਿਊ 4108 ਵੀ ਬਰਾਮਦ ਕੀਤੀ। ਦੋਵਾਂ ਮੁਲਜ਼ਮਾਂ ਨੇ ਸੁਰਜੀਤ, ਜੀਤਾ ਵਾਸੀ ਆਦਮਵਾਲ ਨਾਲ ਮਿਲ ਕੇ 23 ਅਗਸਤ 2020 ਨੂੰ ਕਰੀਬ ਢਾਈ ਵਜੇ ਗ੍ਰਾਮ ਸੁਵਿਧਾ ਕੇਂਦਰ (ਮਨੀ ਚੇਂਜਰ) ਰਿਹਾਣਾ ਜੱਟਾਂ ਤੋਂ 80,000 ਰੁਪਏ ਦੀ ਖੋਹ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਉਨ੍ਹਾਂ ਵਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਭੈੜੇ ਅਨਸਰਾਂ ਖਿਲਾਫ ਮੁਹਿੰਮ ਤਹਿਤ ਥਾਣਾ ਹਰਿਆਣਾ ਦੇ ਇੰਸਪੈਕਟਰ ਹਰਗੁਰਦੇਵ ਸਿੰਘ, ਥਾਣਾ ਸਦਰ ਮੁਖੀ ਤਲਵਿੰਦਰ ਸਿੰਘ ਅਤੇ ਸੀ.ਆਈ.ਏ. ਇੰਚਾਰਜ ਦੀਆਂ ਟੀਮਾਂ ਵਲੋਂ 19 ਅਕਤੂਬਰ ਨੂੰ ਸੁਨੀਲ ਦੱਤ ਵਾਸੀ ਘਗਿਆਲ, ਸੁਖਵਿੰਦਰ ਸਿੰਘ ਉਰਫ ਸੁੱਖਾ, ਹਰਿਆਣਾ, ਬਲਵਿੰਦਰ ਸਿੰਘ ਉਰਫ ਸੋਨੂੰ ਦੋਵੇਂ ਵਾਸੀ ਕੋਠੇ ਪ੍ਰੇਮ ਨਗਰ, ਸਤਪਾਲ ਸਿੰਘ ਉਰਫ ਸੱਤਾ ਵਾਸੀ ਹਰਿਆਣਾ ਅਤੇ ਗੁਰਿੰਦਰ ਸਿੰਘ ਉਰਫ ਗਿੰਦਾ ਵਾਸੀ ਲੁਡਿਆਣੀ ਖਿਲਾਫ ਧਾਰਾ 392, 394, 395 ਅਤੇ ਅਸਲਾ ਐਕਟ ਦੀ ਧਾਰਾ 25, 27-54-59 ਤਹਿਤ ਥਾਣਾ ਹਰਿਆਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਸੁਨੀਲ ਦੱਤ, ਸੁੱਖਾ, ਸੋਨੂੰ ਨੂੰ ਜ਼ਿਲ੍ਹਾ ਪੁਲਿਸ ਨੇ 19 ਅਕਤੂਬਰ ਨੂੰ ਗ੍ਰਿਫਤਾਰ ਕਰਕੇ ਇੰਡੀਅਨ ਓਵਰਸੀਜ਼ ਬੈਂਕ, ਗਿਲਜੀਆਂ, ਪੰਜਾਬ ਐਂਡ ਸਿੰਧ ਬੈਂਕ ਪਿੰਡ ਭਾਗੋਵਾਲ ਅਤੇ ਯੂ.ਕੋ ਬੈਂਕ ਪਿੰਡ ਕਾਲਰਾ ਥਾਣਾ ਆਦਮਪੁਰ ਨੂੰ ਟਰੇਸ ਕਰਕੇ ਡਕੈਤੀਆਂ ਦੌਰਾਨ ਵਰਤੇ ਗਏ ਹਥਿਆਰ ਬਰਾਮਦ ਕੀਤੇ ਗਏ ਸਨ। ਇਨ੍ਹਾਂ ਮਾਮਲਿਆਂ ਵਿੱਚ ਸੱਤਾ ਅਤੇ ਗਿੰਦਾ ਭਗੌੜੇ ਚੱਲ ਰਹੇ ਸਨ।