November 22, 2024

ਪਿੰਡ ਹਲੇੜ ’ਚ ਕਿਸਾਨ ਜਾਗਰੂਕਤਾ ਕੈਂਪ *** ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬਾਰੇ ਕੀਤਾ ਜਾਗਰੂਕ *** ਕਿਸਾਨਾਂ ਨੂੰ ਗਰੁੱਪ ਬਣਾ ਕੇ ਖੇਤੀ ਮਸ਼ੀਨਰੀ ਸਬਸਿਡੀ ’ਤੇ ਖਰੀਦਣ ਦੀ ਕੀਤੀ ਅਪੀਲ

0

ਹੁਸ਼ਿਆਰਪੁਰ, 3 ਨਵੰਬਰ / ਨਿਊ ਸੁਪਰ ਭਾਰਤ ਨਿਊਜ਼:


ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੀ ਸੁਚੱਜੀ ਕਾਸ਼ਤ, ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਅਤੇ ਮੱਕੀ ਦੀ ਖੇਤੀ ਪ੍ਰਤੀ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦਸੂਹਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵਲੋਂ  ਸਾਂਝੇ ਤੌਰ ’ਤੇ ਪਿੰਡ ਹਲੇੜ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਕੇ.ਵੀ.ਕੇ ਬਾਹੋਵਾਲ ਡਾ. ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਕੈਂਪ ਦੌਰਾਨ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਸੁਪਰ ਐਸ.ਐਮ.ਐਸ., ਹੈਪੀ ਸੀਡਰ, ਸੁਪਰ ਸੀਡਰ, ਉਲਟਾਵੇਂ ਹੱਲ, ਮਲਚਰ, ਕਟਰ, ਜੀਰੋ ਟਿੱਲ ਡਰਿੱਲ, ਰੋਟਾਵੇਟਰ ਦੀ ਕਾਰਜਸ਼ੀਲਤਾ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ ਗਈ ਜਿਹੜੀ ਕਿ ਉਨ੍ਹਾਂ ਲਈ ਬੇਹੱਦ ਲਾਹੇਵੰਦ ਰਹੇਗੀ। ਉਨ੍ਹਾਂ ਦੱਸਿਆ ਕਿ ਪਰਾਲੀ ਆਦਿ ਨੂੰ ਅੱਗ ਲਾਉਣ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਣ ਦੇ ਨਾਲ-ਨਾਲ ਇਹ ਵਰਤਾਰਾ ਮਨੁੱਖੀ ਸਿਹਤ ਲਈ ਭਾਰੀ ਨੁਕਸਾਨਦੇਹ ਹੈ ਜਿਸ ਨੂੰ ਰੋਕਣਾ ਅਤਿ ਲਾਜ਼ਮੀ ਹੈ ਤਾਂ ਜੋ ਸਮਾਂ ਰਹਿੰਦਿਆਂ ਵਾਤਾਵਰਣ ਦੀ ਸਾਂਭ-ਸੰਭਾਲ ਹੋ ਸਕੇ। ਇਸ ਮੌਕੇ ਕਣਕ ਦੀਆਂ ਕਿਸਮਾਂ, ਬੀਜ ਦੀ ਸੋਧ ਅਤੇ ਬਿਮਾਰੀਆਂ ਆਦਿ ਬਾਰੇ ਵੀ ਚਰਚਾ ਕੀਤੀ ਗਈ।


ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਡਾ. ਪਵਿੱਤਰ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਦੀ ਸਿਹਤ, ਜੀਵਾਣੂ ਖਾਦਾਂ ਦੀ ਕਾਰਜ ਵਿਧੀ ਅਤੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਯਸ਼ਪਾਲ ਨੇ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਅਤੇ ਫਸਲਾਂ ’ਤੇ ਖਾਦ ਅਤੇ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ ਨਾ ਕਰਨ ਲਈ ਪ੍ਰੇਰਿਆ। ਉਨ੍ਹਾਂ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਸਰਕਾਰ ਵਲੋਂ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਮਸ਼ੀਨਾਂ ਅਤੇ ਇਸ ਮਸ਼ੀਨਰੀ ਦੇ ਫਾਇਦਿਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਮਸ਼ੀਨਾਂ ਦੀ ਲਾਗਤ ਸਬੰਧੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਗਰੁੱਪ ਬਣਾ ਕੇ ਇਨ੍ਹਾਂ ਮਸ਼ੀਨਾਂ ਨੂੰ ਸਬਸਿਡੀ ’ਤੇ ਖਰੀਦਣਾ ਚਾਹੀਦਾ ਹੈ।


  ਇਸ ਮੌਕੇ ਖੇਤੀਬਾੜੀ ਉਪ ਨਿਰੀਖਕ ਹਬਬਿੰਦਰ ਸਿੰਘ, ਸਰਪੰਚ ਕੁਲਦੀਪ ਸਿੰਘ, ਕਿਸਾਨ ਦਲਜੀਤ ਸਿੰਘ, ਨਰਿੰਦਰ ਸਿੰਘ, ਜਰਨੈਲ ਸਿੰਘ, ਤਰਸੇਮ ਸਿੰਘ ਤੋਂ ਇਲਾਵਾ ਹੋਰ ਕਿਸਾਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *