ਡਾ.ਬੀ.ਆਰ. ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸ਼ੁਰੂ ਹੋਣ ਨਾਲ ਸਿੱਖਿਆ ਦੇ ਖੇਤਰ ’ਚ ਹੋਈ ਹੈ ਨਵੇਂ ਯੁੱਗ ਦੀ ਸ਼ੁਰੂਆਤ : ਡਾ.ਰਾਜ ਕੁਮਾਰ
**ਕਿਹਾ, ਪੰਜਾਬ ਸਰਕਾਰ ਦਲਿੱਤ ਵਰਗ ਦੀ ਭਲਾਈ ਲਈ ਵਚਨਬੱਧ
***ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਫੀਸ ’ਚ ਮਿਲੇਗੀ 100 ਫੀਸਦੀ ਛੋਟ
ਹੁਸ਼ਿਆਰਪੁਰ, 31 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਨੇ ਸੂਬਾ ਵਾਸੀਆਂ ਨੂੰ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਇਸ ਸ਼ੁੱਭ ਮੌਕੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਬੀ.ਆਰ.ਅੰਬੇਦਕਰ ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕਰਕੇ ਸਿੱਖਿਆ ਦੇ ਖੇਤਰ ਵਿੱਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ। ਉਹ ਅੱਜ ਪਿੰਡ ਕਹਾਰਪੁਰ ਵਿਖੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।
ਇਸ ਦੌਰਾਨ ਇਲਾਕਾ ਵਾਸੀਆਂ ਵਲੋਂ ਜਿਥੇ ਪੰਜਾਬ ਸਰਕਾਰ ਦਾ ਇਸ ਸਕੀਮ ਲਈ ਧੰਨਵਾਦ ਪ੍ਰਗਟ ਕੀਤਾ ਗਿਆ, ਉਥੇ ਹੀ ਡਾ.ਰਾਜ ਕੁਮਾਰ ਨੂੰ ਵੀ ਬਾੜੀਆਂ ਕਲਾਂ ਦੀ ਇਕ ਵਿਧਵਾ ਮਹਿਲਾ ਦੀ ਦੋ ਬੇਟੀਆਂ ਦੀ ਫੀਸ ਵਿੱਚ ਮੱਦਦ ਕਰਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਾ. ਰਾਜ ਕੁਮਾਰ ਨੇ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਵਿਸ਼ੇਸ਼ ਤੌਰ ’ਤੇ ਸਿੱਖਿਆ ਦੇ ਖੇਤਰ ਵਿੱਚ ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਦਿੱਕਤ ਆਵੇ ਤਾਂ ਉਹ ਬੇਝਿਜਕ ਆ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ।
ਵਿਧਾਇਕ ਡਾ. ਰਾਜ ਕੁਮਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਕਾਲਰਸ਼ਿਪ ਸਕੀਮ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋਵੇਗੀ ਅਤੇ ਉਨ੍ਹਾਂ ਦੀ ਮੁਫ਼ਤ ਸਿੱਖਿਆ ਨੂੰ ਯਕੀਨੀ ਬਣਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਫੀਸ ਵਿੱਚ 100 ਫੀਸਦੀ ਛੋਟ ਮਿਲੇਗੀ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਵਿੱਚ ਕੋਈ ਅਦਾਇਗੀ ਨਹੀਂ ਕਰਨੀ ਪਵੇਗੀ, ਨਾਲ ਹੀ ਉਨ੍ਹਾਂ ਨੂੰ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਮਾਸਿਕ ਭੱਤਾ ਮਿਲੇਗਾ।
ਡਾ. ਰਾਜ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦਲਿੱਤ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅੱਜ ਸ੍ਰੀ ਰਾਮ ਤੀਰਥ ਵਿੱਚ ਹੋਣ ਵਾਲੇ 50 ਕਰੋੜ ਰੁਪਏ ਤੋਂ ਵੱਧ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਅਤੇ ਇਕ ਨਵੀਂ ਆਈ.ਟੀ.ਆਈ. ਦਾ ਵਰਚੂਅਲ ਉਦਘਾਟਨ ਕੀਤਾ ਹੈ।