ਪੁਲਿਸ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਭੰਡਾਰ ਕਰਨ ਵਾਲਿਆਂ ਉਤੇ ਪਰਚੇ ਦਰਜ ****ਡਿਪਟੀ ਕਮਿਸ਼ਨਰ ਵੱਲੋਂ ਵੀ ਤਿਉਹਾਰਾਂ ਦੇ ਮੱਦੇਨਜ਼ਰ ਸਖਤੀ ਰੱਖਣ ਦੇ ਆਦੇਸ਼
ਅੰਮ੍ਰਿਤਸਰ, 30 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )-ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਅਤੇ ਭੰਡਾਰ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦੇ ਅੰਮ੍ਰਿਤਸਰ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁੱਧ ਪਰਚੇ ਦਰਜ ਕੀਤੇ ਹਨ। ਅੱਜ ਅਮਨ ਕਾਨੂੰਨ ਸਬੰਧੀ ਕੀਤੀ ਗਈ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ, ਜਿੰਨਾ ਵਿਚ ਡੀ. ਸੀ. ਪੀ. ਮੁਖਵਿੰਦਰ ਸਿੰਘ ਭੁੱਲਰ ਅਤੇ ਐਸ ਪੀ ਕਮਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿਚ ਪੁਲਿਸ ਵੱਲੋਂ ਇਸ ਸਬੰਧੀ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ ਅਤੇ ਹੁਣ ਤੱਕ ਚਾਟੀਵਿੰਡ, ਅਜਨਾਲਾ ਅਤੇ ਗੇਟ ਹਕੀਮਾਂ ਥਾਣੇ ਵਿਚ ਤਿੰਨ ਪਰਚੇ ਵੀ ਦਰਜ ਕੀਤ ਜਾ ਚੁੱਕੇ ਹਨ। ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਹਦਾਇਤ ਕੀਤੀ ਕਿ ਵਿਆਹਾਂ ਦੇ ਸੀਜ਼ਨ ਵਿਚ ਇਹ ਮੁਹਿੰਮ ਲਗਾਤਾਰ ਚਲਾਈ ਜਾਵੇ ਤਾਂ ਜੋ ਬਿਨਾਂ ਲਾਇਸੈਂਸ ਤੋਂ ਕੋਈ ਵਿਅਕਤੀ ਪਟਾਕੇ ਨਾ ਵੇਚੇ ਸਕੇ। ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਆਪਣੀ ਖੁਸ਼ੀ ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਸਾਂਝੀ ਕਰਨ, ਨਾ ਕਿ ਪਟਾਕੇ ਚਲਾ ਕੇ।
ਸ. ਖਹਿਰਾ ਨੇ ਜ਼ਿਲੇ ਵਿਚ ਹੁੰਦੇ ਸੜਕੀ ਹਾਦਸਿਆਂ ਅਤੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਥਾਣੇ ਤੋਂ ਇਸ ਬਾਬਤ ਜਾਣਕਾਰੀ ਇਕੱਠੀ ਕਰਨ ਤਾਂ ਜੋ ਅਜਿਹੇ ਸੰਵੇਦਨਸ਼ੀਲ ਸਥਾਨ, ਜਿੱਥੇ ਵੱਧ ਹਾਦਸੇ ਹੁੰਦੇ ਹਨ, ਵਿਖੇ ਪੁਖ਼ਤਾ ਪ੍ਰਬੰਧ ਕੀਤੇ ਜਾ ਸਕਣ। ਸ. ਖਹਿਰਾ ਨੇ ਐਕਸਾਈਜ਼ ਵਿਭਾਗ ਵੱਲੋਂ ਸ਼ਰਾਬ ਦੀ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਨੂੰ ਵੀ ਤਿਉਹਾਰਾਂ ਦੌਰਾਨ ਹੋਰ ਤੇਜ਼ ਕਰਨ ਦੀ ਹਦਾਇਤ ਕੀਤੀ, ਤਾਂ ਜੋ ਤਸਕਰ ਅਜਿਹੇ ਮੌਕਿਆਂ ਦਾ ਲਾਹਾ ਲੈ ਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਨਾ ਕਰਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਪੀ ਸ੍ਰੀ ਗੌਰਵ ਤੂਰਾ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀਮਤੀ ਅਲਕਾ ਕਾਲੀਆ, ਸੈਕਟਰੀ ਆਰ. ਟੀ. ਏ ਸ੍ਰੀਮਤੀ ਜੋਤੀ ਬਾਲਾ, ਐਸ ਡੀ ਐਮ ਮੇਜਰ ਸੁਮਿਤ ਮੁੱਧ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ
ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਮਨ ਕਾਨੂੰਨ ਦੇ ਮੁੱਦੇ ਉਤੇ ਜਿਲਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।