ਔਰਤਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸਜਗ ਹੋਣ ਦੀ ਲੋੜ:ਮਨੀਸ਼ਾ ਗੁਲਾਟੀ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੁਲਸ ਲਾਈਨ ਵਿਖੇ ਲਗਾਈ ਲੋਕ ਅਦਾਲਤ
ਆਪਸੀ ਰਜ਼ਾਮੰਦੀ ਨਾਲ ਕੀਤਾ ਝਗੜਿਆਂ ਦਾ ਨਿਪਟਾਰਾ
ਅੰਮ੍ਰਿਤਸਰ 27 ਅਕਤੂਬਰ / ਨਿਊ ਸੁਪਰ ਭਾਰਤ ਨਿਊਜ਼:
ਪੰਜਾਬ ਰਾਜ ਮਹਿਲਾ ਕਮਿਸ਼ਨਰ ਨੇ ਪੁਲਸ ਲਾਈਨ ਵਿਖੇ ਦੋ ਰੋਜ਼ਾ ਔਰਤਾਂ ਦੇ ਘਰੇਲੂ ਝਗੜਿਆਂ ਸਬੰਧੀ ਲਗਾਈ ਗਈ ਲੋਕ ਅਦਾਲਤ ਦੇ ਪਹਿਲੇ ਦਿਨ 21 ਕੇਸਾਂ ਦਾ ਆਪਸੀ ਰਜਾਮੰਦੀ ਨਾਲ ਨਿਪਟਾਰਾ ਕੀਤਾ ਅਤੇ 10 ਹੋਰ ਆਏ ਨਵੇ ਕੇਸਾਂ ਦੀ ਸੁਣਵਾਈ ਕੀਤੀ।
ਸ਼੍ਰੀਮਤੀ ਮਨੀਸ਼ਾ ਗੁਲਾਈ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋ ਲਗਾਈ ਗਈ ਲੋਕ ਅਦਾਲਤ ਵਿਚ ਪਤੀ-ਪਤਨੀ ਦੇ ਝਗੜਿਆਂ ਨੂੰ ਆਪਸੀ ਰਜ਼ਾਮੰਦੀ ਨਾਲ ਸੁਲਝਾਇਆ ਗਿਆ ਅਤੇ ਔਰਤਾਂ ਨੂੰ ਉਨਾਂ ਦੇ ਕਾਨੂੰਨੀ ਹੱਕਾਂ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਗੁਲਾਟੀ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ-19 ਦੋਰਾਨ ਇਸ ਸਮੇ ਮਹਿਲਾ ਕਮਿਸ਼ਨ ਕੋਲ 30 ਹਜਾਰ ਤੋ ਵੱਧ ਪੈਡਿੰਗ ਕੇਸ ਪਏ ਹੋਏ ਹਨ ਅਤੇ ਇੰਨਾਂ ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਪੜੀਆਂ ਲਿਖੀਆਂ ਔਰਤਾਂ ਨੂੰ ਵੀ ਆਪਣੇ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਣਕਾਰੀ ਨਹੀ ਹੈ,ਇਸ ਲਈ ਮਹਿਲਾ ਕਮਿਸ਼ਨ ਵਲੋ ਜਾਗਰੂਕਤਾ ਕੈਪ ਲਗਾ ਕੇ ਅੋਰਤਾਂ ਨੂੰ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨਾਂ ਕਿਹਾ ਕਿ ਔਰਤਾਂ ਲਈ ਭਾਵੇ ਕਈ ਕਾਨੂੰਨ ਬਣਾਏ ਗਏ ਹਨ ਪਰ ਫਿਰ ਵੀ ਔਰਤ ਸੁਰੱਖਿਅਤ ਨਹੀ ਹੈ। ਮੈਡਮ ਗੁਲਾਈ ਨੇ ਪਿਛਲੇ ਦਿਨੀ ਹੁਸ਼ਿਆਰਪੁਰ ਵਿਖੇ ਹੋਈ 6 ਸਾਲਾਂ ਬੱਚੀ ਨਾਲ ਬਲਾਤਕਾਰ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਬਲਾਤਕਾਰੀਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਉਨਾਂ ਸਾਰੀਆਂ ਰਾਜਨੀਤੀਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆਉਣ ਅਤੇ ਇਸ ਮੁੱਦੇ ਉਤੇ ਸਖ਼ਤ ਕਾਨੂੰਨ ਬਣਾਏ ਜਾਣ ਦੀ ਪ੍ਰੋੜਤਾ ਕਰਨ। ਉਨਾਂ ਕਿਹਾ ਕਿ ਵੋਟਾਂ ਸਮੇ ਸਾਰੀਆਂ ਪਾਰਟੀਆਂ ਬੇਟੀਆਂ ਦੀ ਸੁਰੱਖਿਆ ਨੂੰ ਮੁੱਦਾ ਬਣਾਉਦੀਆਂ ਹਨ ਪਰ ਵੋਟਾਂ ਤੋ ਬਾਅਦ ਸਭ ਇਸ ਮੁੱਦੇ ਨੂੰ ਭੁੱਲ ਜਾਂਦੀਆਂ ਹਨ। ਉਨਾਂ ਕਿਹਾ ਕਿ ਸਕੂਲਾਂ ਵਿਚ ਬੱਚਿਆਂ ਨੂੰ ਗੁਡ ਟੱਚ ਅਤੇ ਬੈਡ ਟੱਚ ਸਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ। ਮੈਡਮ ਗੁਲਾਟੀ ਨੇ ਕਿਹਾ ਕਿ ਉਹ ਪ੍ਰਧਾਨਮੰਤਰੀ ਨੂੰ ਪੱਤਰ ਲਿਖਣਗੇ ਕਿ ਸਿੱਖਿਆ ਪ੍ਰਣਾਲੀ ਵਿਚ ਬਦਲਾਅ ਕੀਤਾ ਜਾਵੇ ਅਤੇ ਸ਼ੁਰੂ ਤੋ ਹੀ ਬੱਚਿਆਂ ਨੂੰ ਔਰਤਾਂ ਦੇ ਅਧਿਕਾਰਾਂ ਅਤੇ ਸਰੁੱਖਿਆ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਸਕੂਲਾਂ ਵਿਚ ਲੜਕੀਆਂ ਨੂੰ ਸਵੈ ਰੱਖਿਆ ਦੀ ਟਰੇਨਿੰਗ ਦਿੱਤੀ ਜਾਵੇ।
ਮੈਡਮ ਗੁਲਾਟੀ ਨੇ ਪ੍ਰੈਸ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਹ ਡੀ ਜੀ ਪੀ ਨੂੰ ਵੀ ਮਿਲਣਗੇ ਅਤੇ ਮਹਿਲਾ ਥਾਣਿਆਂ ਵਿਚ ਪੂਰਾ ਸਟਾਫ ਮੁਹੱਈਆ ਕਰਵਾਉਣ ਸਬੰਧੀ ਗੱਲਬਾਤ ਕਰਨਗੇ।ਉਨਾਂ ਕਿਹਾ ਕਿ ਪੰਜਾਬ ਦੇ ਸਾਰੇ ਪੁਲਸ ਸਟੇਸ਼ਨਾਂ ਵਿਚੋ ਔਰਤਾਂ ਦੀਆਂ ਸ਼ਕਾਇਤਾਂ ਸਬੰਧੀ ਡਾਟਾ ਪ੍ਰਾਪਤ ਕੀਤਾ ਜਾਵੇਗਾ ਅਤੇ ਉਸ ਡਾਟੇ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਉਨਾਂ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਦਬਾਅ ਤੋ ਕੰਮ ਕਰਨ ਅਤੇ ਕੋਸ਼ਿਸ ਕਰਨ ਕਿ ਪਤੀ-ਪਤਨੀ ਦੇ ਝਗੜਿਆਂ ਨੂੰ ਆਪਣੀ ਪੱਧਰ ਤੇ ਹੀ ਆਪਸੀ ਰਜਾਮੰਦੀ ਦੇ ਨਾਲ ਨਿਪਟਾਉਣ।
ਇਸ ਮੌਕੇ ਸ੍ਰੀ ਵਿਜੈ ਕੁਮਾਰ ਡਿਪਟੀ ਡਾਇਰੈਕਟਰ ਪੰਜਾਬ ਮਹਿਲਾ ਕਮਿਸ਼ਨ, ਸ੍ਰੀ ਵਿਜੈ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਹਾਜ਼ਰ ਸਨ।
ਕੈਪਸ਼ਨ : ਸ਼੍ਰੀਮਤੀ ਮਨੀਸ਼ਾ ਗੁਲਾਈ ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਲੋਕ ਅਦਾਲਤ ਰਾਹੀਂ ਘਰੇਲੂ ਝਗੜਿਆਂ ਦਾ ਆਪਸੀ ਰਜਾਮੰਦੀ ਨਾਲ ਨਿਪਟਾਰਾ ਕਰਦੇ ਹੋਏ।