ਪਰਾਲੀ ਨੂੰ ਅੱਗ ਲਗਾਉਣ ਉਤੇ 271 ਕਿਸਾਨਾਂ ਨੂੰ ਪ੍ਰਦੂਸ਼ਣ ਐਕਟ ਤਹਿਤ ਜ਼ੁਰਮਾਨਾ ਕੀਤਾ -ਡਿਪਟੀ ਕਮਿਸ਼ਨਰ
ਅੰਮ੍ਰਿਤਸਰ 9 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼ )–
ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਰਾਲੀ ਨੂੰ ਸਾੜਨ ਉਤੇ ਲਗਾਈ ਗਈ ਰੋਕ ਦੇ ਅਧਾਰ ਉਤੇ ਸਾਡੀਆਂ ਟੀਮਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਡਿਪਟੀ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਉਪਗ੍ਰਹਿ ਵਲੋਂ ਮਿਲੀ ਜਾਣਕਾਰੀ ਦੇ ਅਧਾਰ ਉਤੇ ਸਾਰੀਆਂ ਟੀਮਾਂ ਪਹੁੰਚ ਗਈਆਂ ਹਨ ਅਤੇ ਜਿਨਾਂ ਦੇਸਾਂ ਵਿਚ ਕਿਸਾਨ ਵੱਲੋਂ ਅੱਗ ਲਗਾਈ ਮਿਲਦੀ ਹੈ ਉਨਾਂ ਕਿਸਾਨਾਂ ਦੇ ਬਕਾਇਦਾ ਚਲਾਨ ਕੀਤੇ ਜਾਂਦੇ ਹਨ।
ਸ: ਖਹਿਰਾ ਨੇ ਦੱਸਿਆ ਕਿ ਹੁਣ ਤੱਕ ਉਪਗ੍ਰਹਿ ਵੱਲੋਂ ਜ਼ਿਲੇ ਵਿਚ 857 ਸਥਾਨਾਂ ਉਤੇ ਅੱਗ ਲੱਗਣ ਦੀ ਸੂਚਨਾ ਦਿੱਤੀ ਗਈ ਸੀ, ਜਿਸ ਵਿਚੋਂ 772 ਸਥਾਨਾਂ ਤੇ ਸਾਡੀਆਂ ਟੀਮਾਂ ਪਹੁੰਚ ਚੁੱਕੀਆਂ ਹਨ। ਉਨਾਂ ਦੱਸਿਆ ਕਿ ਇਨਾਂ ਕੇਸਾਂ ਵਿਚ ਜੇਕਰ ਮੌਕੇ ਉਤੇ ਕਿਸਾਨ ਅੱਗ ਬੁਝਾ ਲੈਂਦਾ ਹੈ ਤਾਂ ਉਸ ਨੂੰ ਛੱਡ ਕੇ ਬਾਕੀ ਕਿਸਾਨਾਂ ਵਿਰੁੱਧ ਕਾਨੂੰਨੀ ਕਾਰਵਾਈ, ਜਿਸ ਵਿਚ ਜੁਰਮਾਨਾ, ਰੈਡ ਐਂਟਰੀ, ਐਫ.ਆਈ.ਆਰ. ਸਾਮਿਲ ਹਨ, ਕੀਤੀ ਜਾਂਦੀ ਹੈ।
ਸ: ਖਹਿਰਾ ਨੇਉਕਤ ਪ੍ਰਬੰਧ ਵਿਚ ਲੱਗੀਆਂ ਟੀਮਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਅਗਲੇ 20-25 ਦਿਨ ਹੋਰ ਮਿਹਨਤ ਨਾਲ ਕੰਮ ਕਰਨ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ 450 ਖੇਤਾਂ ਵਿਚ ਪਰਾਲੀ ਸਾੜਨ ਦੀ ਪੁਸ਼ਟੀ ਟੀਮਾਂ ਨੇ ਕੀਤੀ ਹੈ, ਜਿਸ ਵਿਚੋਂ 271 ਕਿਸਾਨਾਂ ਨੂੰ 7 ਲੱਖ ਰੁਪਏ ਜੁਰਮਾਨਾ ਕੀਤਾ ਹੈ। 51 ਕਿਸਾਨਾਂ ਨੂੰ ਜੁਰਮਾਨਾ ਕਰਨਾ ਬਾਕੀ ਹੈ, ਜੋ ਕਾਰਵਾਈ ਅਧੀਨ ਹਨ। 25000 ਰੁਪਏ ਨਗਦ ਜੁਰਮਾਨਾ ਵਸੂਲਿਆ ਜਾ ਚੁੱਕਾ ਹੈ ਅਤੇ 252 ਰੈਡ ਐਂਟਰੀ ਮਾਲ ਵਿਭਾਗ ਦੇ ਰਿਕਾਰਡ ਵਿਚ ਹੋ ਚੁੱਕੀ ਹੈ, ਇਸ ਤੋਂ ਇਲਾਵਾ 1 ਐਫ.ਆਈ.ਆਰ. ਵੀ ਦਰਜ ਕੀਤੀ ਗਈ ਹੈ।
ਉਨਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਿਨਾਂ ਐਸ.ਐਮ.ਐਸ. ਤੋਂ ਚਲਣ ਵਾਲੀਆਂ ਕੰਬਾਈਨਾਂ ਦੇ ਚਲਾਨ ਕੀਤੇ ਜਾਣ। ਉਨਾਂ ਦੱਸਿਆ ਕਿ ਜਿਹੜੇ ਪਿੰਡਾਂ ਵਿਚ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਂਦੀ। ਉਨਾਂ ਨੂੰ ਸਰਕਾਰ ਵਲੋਂ ਵਿਸ਼ੇਸ਼ ਗ੍ਰਾਂਟ ਵੀ ਦਿੱਤੀ ਜਾਵੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾ ਕੇ ਆਪਣੀ ਆਬੋ ਹਵਾ ਨੂੰ ਖ਼ਰਾਬ ਨਾ ਕਰਨ।
ਇਸ ਮੀਟਿੰਗ ਵਿਖ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮਜ਼ ਸ੍ਰੀ ਵਿਕਾਸ ਹੀਰਾ, ਸ਼੍ਰੀ ਸ਼ਿਵਰਾਜ ਸਿੰਘ ਬੱਲ, ਸ੍ਰੀ ਦੀਪਕ ਭਾਟੀਆ, ਮੈਡਮ ਅਲਕਾ ਕਾਲੀਆ, ਜਿਲਾ ਮੰਡੀ ਅਫ਼ਸਰ ਸ: ਅਮਨਦੀਪ ਸਿੰਘ, ਜ਼ਿਲਾ ਖੇਤੀਬਾੜੀ ਅਫ਼ਸਰ ਕੁਲਜੀਤ ਸਿੰਘ ਸੈਣੀ, ਜ਼ਿਲਾ ਖੁਰਾਕ ਤੇ ਸਪਲਾਈ ਅਫ਼ਸਰ ਮੈਡਮ ਜਸਜੀਤ ਕੌਰ ਤੋਂ ਇਲਾਵਾ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ: ਸ: ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ।