February 23, 2025

ਗਾਂਧੀ ਜੈਅੰਤੀ ਮੌਕੇ ਜਿਲਾ ਅੰਮ੍ਰਿਤਸਰ ਵਿਚ 9 ਖੇਡ ਸਟੇਡੀਅਮਾਂ ਦੀ ਸੋਨੀ ਵੱਲੋਂ ਸ਼ੁਰੂਆਤ ****ਜਿਲੇ ਵਿਚ 103 ਖੇਡ ਮੈਦਾਨ ਤਿਆਰ ਕੀਤੇ ਜਾਣਗੇ-ਡਿਪਟੀ ਕਮਿਸ਼ਨਰ ****ਖੇਡ ਮੈਦਾਨ ਤਿਆਰ ਕਰਨ ਵਿਚ ਅੰਮ੍ਰਿਤਸਰ ਜਿਲਾ ਪੰਜਾਬ ਭਰ ਵਿਚੋਂ ਮੋਹਰੀ

0

ਅੰਮ੍ਰਿਤਸਰ, 2 ਅਕਤੂਬਰ ( ਨਿਊ ਸੁਪਰ ਭਾਰਤ ਨਿਊਜ਼  )-

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਚ 150 ਖੇਡ ਸਟੇਡੀਅਮਾਂ ਅਤੇ ਖੇਡ ਮੈਦਾਨਾਂ ਦੀ ਜੋ ਸ਼ੁਰੂਆਤ ਕੀਤੀ ਗਈ ਹੈ, ਉਸ ਤਹਿਤ ਅੰਮ੍ਰਿਤਸਰ ਜਿਲੇ ਵਿਚ ਅੱਜ 9 ਖੇਡ ਮੈਦਾਨਾਂ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਖੇਡ ਸਟੇਡੀਅਮਾਂ ਦੇ ਆਨ-ਲਾਇਨ ਉਦਘਾਟਨ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੱਸਿਆ ਕਿ ਪੰਜਾਬ ਭਰ ਵਿਚ 750 ਖੇਡ ਸਟੇਡੀਅਮ ਬਨਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿੰਨਾ ਵਿਚੋਂ ਅੰਮ੍ਰਿਤਸਰ ਜਿਲੇ ਵਿਚ ਕੁੱਲ 103 ਖੇਡ ਮੈਦਾਨ ਤਿਆਰ ਕੀਤੇ ਜਾਣੇ ਹਨ ਅਤੇ ਇਨਾਂ ਥਾਵਾਂ ਦੀ ਸ਼ਨਾਖਤ ਵੀ ਕੀਤੀ ਜਾ ਚੁੱਕੀ ਹੈ।

ਇੰਨਾਂ ਵਿਚੋਂ 93 ਖੇਡ ਸਟੇਡੀਅਮਾਂ ਕਮ ਖੇਡ ਮੈਦਾਨਾਂ ਵਿਚ ਕੰਮ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਦੀ ਇੱਛਾ ਹੈ ਕਿ ਪੰਜਾਬ ਦਾ ਜਵਾਨ ਪਹਿਲਾਂ ਦੀ ਤਰਾਂ ਸਰੀਰਕ ਤੌਰ ਉਤੇ ਰਿਸ਼ਟ-ਪੁਸ਼ਟ ਹੋਵੇ ਅਤੇ ਪੰਜਾਬ ਖੇਡਾਂ ਦੇ ਮਾਮਲੇ ਵਿਚ ਦੇਸ਼ ਦੀ ਅਗਵਾਈ ਕਰੇ। ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਖੇਡ ਪਨੀਰੀ ਤਿਆਰ ਕਰਨ ਦਾ ਟੀਚਾ ਮਿੱਥਿਆ ਹੈ, ਜੋ ਕਿ ਖੇਡ ਮੈਦਾਨ ਬਣਨ ਨਾਲ ਹੀ ਸੰਭਵ ਹੋ ਸਕੇਗੀ। ਉਨਾਂ ਦੱਸਿਆ ਕਿ ਇਸ ਵਿੱਤੀ ਵਰੇ ਦੌਰਾਨ ਹੀ ਹਰੇਕ ਬਲਾਕ ਵਿਚ 5-5 ਖੇਡ ਮੈਦਾਨਾਂ ਦੀ ਉਸਾਰੀ ਕਰਵਾਈ ਜਾਣੀ ਹੈ। ਇਸ ਤਰਾਂ ਅੰਮ੍ਰਿਤਸਰ ਦੇ 9 ਬਲਾਕਾਂ ਵਿਚ 45 ਖੇਡ ਮੈਦਾਨ ਇਸੇ ਵਰੇ ਪੂਰੇ ਕਰ ਲਏ ਜਾਣਗੇ। ਸ੍ਰੀ ਸੋਨੀ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੰਮ੍ਰਿਤਸਰ ਜਿਲਾ ਪੰਜਾਬ ਵਿਚ ਖੇਡ ਮੈਦਾਨਾਂ ਦੀ ਉਸਾਰੀ ਕਰਨ ਵਿਚ ਪੰਜਾਬ ਦਾ ਮੋਹਰੀ ਜਿਲਾ ਹੈ। ਉਨਾਂ ਇਸ ਪ੍ਰਾਪਤੀ ਲਈ ਜ਼ਿਲਾ ਪ੍ਰਸ਼ਾਸਨ ਨੂੰ ਵਧਾਈ ਦਿੱਤੀ ਅਤੇ ਹੋਰ ਮਿਹਨਤ ਤੇ ਲਗਨ ਨਾਲ ਕੰਮ ਕਰਨ ਲਈ ਪ੍ਰੇਰਦੇ ਹੋਏ ਕਿਹਾ ਕਿ ਆਸ ਹੈ ਕਿ ਤੁਸੀਂ ਇਹ 45 ਖੇਡ ਮੈਦਾਨ ਇਸੇ ਸਾਲ ਵਿਚ ਤਿਆਰ ਕਰਕੇ ਬੱਚਿਆਂ ਤੇ ਜਵਾਨਾਂ ਲਈ ਖੋਲ ਦਿਉਗੇ।

        ਇਸ ਮੌਕੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਅੱਜ ਜਿੰਨਾ ਪੰਚਾਇਤਾਂ ਵਿਚ ਖੇਡ ਮੈਦਾਨ ਬਨਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਉਨਾਂ ਵਿਚ ਨੰਗਲ ਵੰਝਵਾਲਾ, ਬੱਚੀਵਿੰਡ, ਉਗਰ ਔਲਖ, ਰੱਖ ਦੇਵੀਦਾਸਪੁਰਾ, ਚੋਗਾਵਾਂ ਰੂਪੋਵਾਲ, ਨੰਗਲੀ ਕਲਾਂ, ਰਾਏਪੁਰ ਖੁਰਦ, ਬੱਲ ਕਲਾਂ ਅਤੇ ਧੰਨੋਕੇ ਖੁਰਦ ਸ਼ਾਮਿਲ ਹਨ। ਉਨਾਂ ਦੱਸਿਆ ਕਿ ਇੰਨਾਂ ਖੇਡ ਮੈਦਾਨਾਂ ਦੀ ਤਿਆਰੀ ਉਤੇ 70 ਲੱਖ ਰੁਪਏ ਦੇ ਕਰੀਬ ਲਾਗਤ ਆਉਣ ਦਾ ਅਨੁਮਾਨ ਹੈ ਅਤੇ ਇਹ ਖੇਡ ਮੈਦਾਨ ਅਗਲੇ ਕੁੱਝ ਮਹੀਨਿਆਂ ਵਿਚ ਹੀ ਪੂਰੇ ਕਰ ਲਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਜਿਲਾ ਪੰਚਾਇਤ ਅਧਿਕਾਰੀ ਸ੍ਰੀ ਗੁਰਪ੍ਰੀਤ ਸਿੰਘ ਗਿੱਲ, ਜਿਲਾ ਖੇਡ ਅਧਿਕਾਰੀ ਸ੍ਰੀ ਗੁਰਲਾਲ ਸਿੰਘ ਰਿਆੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਕੈਪਸ਼ਨ :ਅੰਮ੍ਰਿਤਸਰ ਜਿਲੇ ਵਿਚ ਬਣਨ ਵਾਲੇ 9 ਖੇਡ ਸਟੇਡੀਅਮਾਂ ਦੀ ਸ਼ੁਰੂਆਤ ਮੌਕੇ ਕਰਵਾਏ ਆਨ-ਲਾਇਨ ਸਮਾਗਮ ਵਿਚ ਭਾਗ ਲੈਂਦੇ ਸ੍ਰੀ ਓ ਪੀ ਸੋਨੀ, ਸ. ਗੁਰਪ੍ਰੀਤ ਸਿੰਘ ਖਹਿਰਾ, ਡਾ. ਹਿਮਾਸ਼ੂੰ ਅਗਰਵਾਲ ਅਤੇ ਹੋਰ। 

Leave a Reply

Your email address will not be published. Required fields are marked *