November 23, 2024

ਸੁਪਰ ਐਸ ਐਮ ਐਸ ਤੋਂ ਬਿਨਾਂ ਝੋਨੇ ਦੀ ਕਟਾਈ ਨਹੀ ਕਰ ਸਕੇਗੀ ਕੋਈ ਵੀ ਕੰਬਾਇਨ- ਡਿਪਟੀ ਕਮਿਸ਼ਨਰ

0

ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ

*ਪੁਲਿਸ ਸਮੇਤ ਸਾਰੀਆਂ ਟੀਮਾਂ ਨੂੰ ਕੰਬਾਇਨਾਂ ਦੀ ਜਾਂਚ ਕਰਨ ਦੇ ਨਿਰਦੇਸ਼

ਅੰਮਿ੍ਤਸਰ / 27 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਐਸ ਡੀ ਐਮਜ਼, ਪੁਲਿਸ, ਖੇਤੀਬਾੜੀ, ਮਾਲ ਅਤੇ ਹੋਰ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਸਪੱਸ਼ਟ ਕੀਤਾ ਕਿ ਸੁਪਰ ਐਸ. ਐਮ. ਐਸ. ਤਕਨੀਕ, ਜੋ ਕਿ ਪਰਾਲੀ ਨੂੰ ਖੇਤ ਵਿਚ ਜਜ਼ਬ ਕਰਨ ਲਈ ਮੋਹਰੀ ਭੂਮਿਕਾ ਅਦਾ ਕਰਦੀ ਹੈ, ਤੋਂ ਬਿਨਾਂ ਕਿਸੇ ਵੀ ਕੰਬਾਇਨ ਹਾਰਵੈਸਟਰ ਨੂੰ ਝੋਨੇ ਦੀ ਕਟਾਈ ਨਾ ਕਰਨ ਦਿੱਤੀ ਜਾਵੇ। ਉਨਾਂ ਇਸ ਲਈ ਪੁਲਿਸ ਦੇ ਨਾਲ-ਨਾਲ ਸਾਰੀਆਂ ਟੀਮਾਂ, ਜੋ ਕਿ ਪਿੰਡ-ਪਿੰਡ ਪਹੁੰਚ ਕਰ ਰਹੀਆਂ ਹਨ, ਨੂੰ ਕੰਬਾਇਨਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਸ. ਖਹਿਰਾ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਐਕਟ 1981 ਅਧੀਨ 7 ਫਰਵਰੀ 2018 ਨੂੰ ਹਦਾਇਤਾਂ ਜਾਰੀ ਕਰਦੇ ਹੋਏ ਪੰਜਾਬ ਵਿਚ ਸੁਪਰ ਐਸ. ਐਮ. ਐਸ ਤੋਂ ਬਿਨਾਂ ਕੰਬਾਇਨਾਂ ਦੇ ਚੱਲਣ ਉਤੇ ਪਾਬੰਦੀ ਲਗਾਈ ਹੋਈ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਇਹ ਐਸ. ਐਮ. ਐਸ. ਤਕਨੀਕ ਕੰਬਾਇਨ ਉਤੇ ਲਗਾਉਣ ਲਈ ਕਿਸਾਨਾਂ ਨੂੰ 50 ਫੀਸਦੀ ਸਬਸਿਡੀ ਵੀ ਦਿੱਤੀ ਗਈ ਹੈ। ਸ. ਖਹਿਰਾ ਨੇ ਕਿਹਾ ਕਿ ਬਿਨਾਂ ਐਸ ਐਮ ਐਸ ਤੋਂ ਚੱਲਦੀਆਂ ਕੰਬਾਇਨਾਂ ਨੂੰ ਜਬਤ ਵੀ ਕੀਤਾ ਜਾ ਸਕਦਾ ਹੈ।

ਮੀਟਿੰਗ ਵਿਚ ਸ਼ਾਮਿਲ ਜਿਲ੍ਹਾ ਪੁਲਿਸ ਦਿਹਾਤੀ ਦੇ ਮੁਖੀ ਸ੍ਰੀ ਧੁਰਵ ਦਾਹੀਆ ਨੇ ਇਸ ਕੰਮ ਲਈ ਪੁਲਿਸ ਵੱਲੋਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਦੱਸਿਆ ਕਿ ਥਾਣਾ ਮੁਖੀਆਂ ਨੂੰ ਇਸ ਬਾਬਤ ਵਿਸ਼ੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਡੀ. ਐਸ. ਪੀ ਨੂੰ ਵੀ ਆਪਣੇ-ਆਪਣੇ ਇਲਾਕੇ ਵਿਚ ਪਰਾਲੀ ਪ੍ਰਬੰਧਨ ਉਤੇ ਨਿਗ੍ਹਾ ਰੱਖਣ ਲਈ ਕਿਹਾ ਗਿਆ ਹੈ, ਤਾਂ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ। ਜਿਲ੍ਹਾ ਖੇਤੀ ਅਧਿਕਾਰੀ ਸ. ਬੱਲ ਨੇ ਦੱਸਿਆ ਕਿ ਉਪਗ੍ਰਹਿ ਤੋਂ ਆ ਰਿਹਾ ਡੈਟਾ ਸਬੰਧਤ ਟੀਮ ਨੂੰ ਬਿਲਕੁੱਲ ਸਹੀ ਸੂਚਨਾ ਦੇ ਰਿਹਾ ਹੈ, ਇਸ ਲਈ ਅੱਗ ਲੱਗੇ ਖੇਤ ਤੱਕ ਪਹੁੰਚਣ ਵਿਚ ਕਿਸੇ ਨੂੰ ਮੁਸ਼ਿਕਲ ਨਹੀ ਆ ਰਹੀ।

ਉਨਾਂ ਦੱਸਿਆ ਕਿ ਜਿਲ੍ਹੇ ਵਿਚ ਸਾਡੇ ਨੋਡਲ ਅਧਿਕਾਰੀ ਦੂਸਰੇ ਵਿਭਾਗਾਂ ਨਾਲ ਮਿਲਕੇ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਪੇ੍ਰ ਰਹੇ ਹਨ ਅਤੇ ਅਸੀ ਕਿਸਾਨਾਂ ਨੂੰ ਕਣਕ ਦੀ ਸਿੱਧੀ ਬਜਾਈ ਲਈ ਤਿਆਰ ਕਰ ਰਹੇ ਹਾਂ, ਜਿਸ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਕੋਈ ਤੁਕ ਨਹੀ ਬਣਦੀ। ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ, ਐਸ ਡੀ ਐਮ ਸ੍ਰੀ ਵਿਕਾਸ ਹੀਰਾ, ਐਸ ਡੀ ਐਮ ਸ੍ਰੀ ਦੀਪਕ ਭਾਟੀਆ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *