ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਅੱਜੋਵਾਲ ਦੇ ਸਰੰਪਚ ਸਮੇਤ ਪੂਰੀ ਪੰਚਾਇਤ ਨੇ ਫੜਿਆ ਕਾਂਗਰਸ ਦਾ ਹੱਥ
*ਕੈਬਨਿਟ ਮੰਤਰੀ ਅਰੋੜਾ ਨੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਪੂਰੀ ਪੰਚਾਇਤ ਦਾ ਕੀਤਾ ਸਨਮਾਨ **ਪਿੰਡ ਦੇ ਵਿਕਾਸ ਕਾਰਜਾਂ ਲਈ 11 ਲੱਖ ਰੁਪਏੇ ਦੇਣ ਦੀ ਕੀਤੀ ਘੋਸ਼ਣਾ **ਕਿਹਾ, ਅੱਜੋਵਾਲ ਦੇ ਵਿਕਾਸ ’ਚ ਨਹੀਂ ਛੱਡੀ ਜਾਵੇਗੀ ਕੋਈ ਕਮੀ **ਪਿੰਡ ’ਚ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਚੱਲ ਰਹੇ ਹਨ ਵੱਖ-ਵੱਖ ਵਿਕਾਸ ਕਾਰਜ
ਹੁਸ਼ਿਆਰਪੁਰ / 27 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕਾਂਗਰਸ ਦੀਆਂ ਲੋਕ ਭਲਾਈ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਹੁਸ਼ਿਆਰਪੁਰ ਦੇ ਪਿੰਡ ਅੱਜੋਵਾਲ ਦੇ ਸਰਪੰਚ ਸਮੇਤ ਪੂਰੀ ਪੰਚਾਇਤ ਨੇ ਕਾਂਗਰਸ ਦਾ ਹੱਥ ਫੜ ਲਿਆ ਹੈ। ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਮੌਜੂਦਗੀ ਵਿੱਚ ਪੂਰੀ ਪੰਚਾਇਤ ਨੇ ਕਾਂਗਰਸ ਦੀ ਸਦੱਸਤਾ ਹਾਸਲ ਕੀਤੀ। ਸ੍ਰੀ ਅਰੋੜਾ ਨੇ ਇਸ ਦੌਰਾਨ ਕਾਂਗਰਸ ਵਿੱਚ ਸ਼ਾਮਲ ਪਿੰਡ ਅੱਜੋਵਾਲ ਦੀ ਪੰਚਾਇਤ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਕਾਂਗਰਸ ਵਲੋਂ ਜਿਸ ਤਰ੍ਹਾਂ ਸੂਬੇ ਦਾ ਵਿਕਾਸ ਕੀਤਾ ਗਿਆ ਹੈ, ਉਸ ’ਤੇ ਚੱਲਦਿਆਂ ਪੂਰਾ ਸੂਬਾ ਕਾਂਗਰਸ ਦੀਆਂ ਨੀਤੀਆਂ ਨਾਲ ਖੁਸ਼ ਹੈ। ਉਨ੍ਹਾਂ ਕਾਂਗਰਸ ਵਿੱਚ ਸ਼ਾਮਲ ਮੈਂਬਰਾਂ ਨੂੰ ਵਿਸ਼ਵਾਸ਼ ਦਿਲਾਇਆ ਕਿ ਉਨ੍ਹਾਂ ਨੂੰ ਪਾਰਟੀ ਵਿੱਚ ਪੂਰਾ ਸਨਮਾਨ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਪਿੰਡ ਦੀ ਪੰਚਾਇਤ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ 11 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਵਿੱਚ ਵੱਖ-ਵੱਖ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਪਿੰਡ ਦੇ ਵਿਕਾਸ ਕਾਰਜ ਪੂਰੀ ਤਰ੍ਹਾਂ ਜਾਰੀ ਰਹਿਣਗੇ। ਉਨ੍ਹਾਂ ਪੰਚਾਇਤ ਨੂੰ ਵਿਸ਼ਵਾਸ਼ ਦੁਆਇਆ ਕਿ ਪਿੰਡ ਦੀਆਂ ਜਰੂਰਤਾਂ ਸਬੰਧੀ ਜੋ ਵੀ ਉਨ੍ਹਾਂ ਵਲੋਂ ਪ੍ਰਸਤਾਵ ਆਵੇਗਾ, ਉਸ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ ਅਤੇ ਇਸ ਪਿੰਡ ਵਿੱਚ ਸ਼ਹਿਰ ਵਰਗੀਆਂ ਸਾਰੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹੁਸ਼ਿਆਰਪੁਰ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਅੱਜੋਵਾਲ ਵਿੱਚ ਗਲੀਆਂ, ਨਾਲੀਆਂ, ਸੀਵਰੇਜ਼, ਸਟਰੀਟ ਲਾਈਟਾਂ, ਸੋਲਰ ਲਾਈਟਾਂ ਦਾ ਕਾਰਜ ਪਹਿਲ ਦੇ ਆਧਾਰ ’ਤੇ ਹੋਵੇਗਾ।
ਇਸ ਤੋਂ ਇਲਾਵਾ ਪੰਚਾਇਤ ਜੇਕਰ ਕਿਸੇ ਹੋਰ ਪ੍ਰੋਜੈਕਟ ’ਤੇ ਵੀ ਕੰਮ ਕਰਨਾ ਚਾਹੁੰਦੀ ਹੈ, ਤਾਂ ਪੰਜਾਬ ਸਰਕਾਰ ਉਸ ਦੀ ਪੂਰੀ ਮਦਦ ਕਰੇਗੀ। ਇਸ ਦੌਰਾਨ ਉਨ੍ਹਾਂ ਪਿੰਡ ਦੇ ਸਰਪੰਚ ਸਤਿੰਦਰ ਸਿੰਘ, ਪੰਚ ਨਿਰਮਲ ਸਿੰਘ, ਪੰਚ ਸਤਨਾਮ ਕੌਰ, ਪੰਚ ਸਰਬਜੀਤ ਕੌਰ, ਪੰਚ ਮਹਿੰਦਰ ਕੌਰ, ਪੰਚ ਅਨੂ ਅਤੇ ਪੰਚ ਰਾਜਨ ਸ਼ਰਮਾ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ’ਤੇ ਸਨਮਾਨਿਤ ਕੀਤਾ। ਪਿੰਡ ਦੀ ਪੰਚਾਇਤ ਨੇ ਸ੍ਰੀ ਅਰੋੜਾ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਕਾਂਗਰਸ ਦੀਆਂ ਨੀਤੀਆਂ ’ਤੇ ਚੱਲਦੇ ਹੋਏ ਪਿੰਡ ਦੀ ਸੇਵਾ ਲਈ ਹਮੇਸ਼ਾਂ ਤਤਪਰ ਰਹਿਣਗੇ। ਇਸ ਦੌਰਾਨ ਬਿੰਦੂ ਸ਼ਰਮਾ, ਸਾਬਕਾ ਸਰਪੰਚ ਦਲਜੀਤ ਸ਼ਰਮਾ, ਕ੍ਰਿਸ਼ਨ ਕੁਮਾਰ ਸ਼ਰਮਾ, ਸਾਬਕਾ ਸਰਪੰਚ ਜਸਵੀਰ ਸਿੰਘ, ਪੰਚ ਗਿਆਨ ਸਿੰਘ, ਪੰਚ ਜੋਗਿੰਦਰ ਸਿੰਘ, ਪੰਚ ਮਹਿੰਦਰ ਸਿੰਘ, ਰੀਨਾ ਸ਼ਰਮਾ, ਰਾਜੇਸ਼ ਕੁਮਾਰ, ਸਾਬਕਾ ਪੰਚ ਲੱਕੀ ਤੋਂ ਇਲਾਵਾ ਪਿੰਡ ਵਾਸੀ ਵੀ ਮੌਜੂਦ ਸਨ।