ਪੰਜਾਬ ਸਰਕਾਰ ਵਲੋਂ ਆਈ.ਟੀ.ਆਈ ਵਿਚ ਦਾਖਲੇ ਦੇ ਚਾਹਵਾਨਾ ਲਈ `ਮੌਕੇ `ਤੇ ਹੀ ਖੁੱਲੇ ਦਾਖਲੇ` ਤਹਿਤ ਸੁਨਹਿਰੀ ਮੌਕਾ
*26 ਤੋਂ 30 ਸਤੰਬਰ ਤੱਕ ਮੌਕੇ `ਤੇ ਹੀ ਦਾਖਲੇ ਲਈ ਆਖਰੀ ਮੌਕਾ
ਫਰੀਦਕੋਟ / 26 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸੂਬੇ ਵਿਚ ਸਾਰੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 21 ਸਤੰਬਰ ਤੋਂ ਖੁੱਲ ਗਈਆਂ ਹਨ। ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਕਾਰਨ ਦਾਖਲੇ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਲਈ `ਮੌਕੇ `ਤੇ ਹੀ ਖੁੱਲੇ ਦਾਖਲੇ` ਲਈ ਆਖਰੀ ਅਤੇ ਸੁਨਹਿਰੀ ਮੌਕਾ ਦਿੱਤਾ ਹੈ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੌਥੀ ਕੌਸਲਿੰਗ (ਸਿੱਧਾ ਦਾਖਲਾ) ਮਿਤੀ 26 ਸਤੰਬਰ, 2020 ਤੋਂ ਸ਼ੁਰੂ ਹੋ ਰਿਹਾ ਹੈ।ਆਈ.ਟੀ. ਆਈਜ਼ ਵਿੱਚ ਦਾਖ਼ਲਾ ਲੈਣ ਲਈ ਸਿਖਿਆਰਥੀ ਆਈ.ਟੀ.ਆਈ. ਵਿੱਚ ਜਾ ਕੇ ਉਥੇ ਲੱਗੇ ਹੈਲਪ ਡੈਸਕ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਈ.ਟੀ.ਆਈ. ਵਿੱਚ ਹੀ ਆਪਣੇ ਦਾਖਲੇ ਲਈ ਸਵੇਰੇ 9.00 ਵਜੁੇ ਤੋਂ ਦੁਪਹਿਰ 1.00 ਵਜੇ ਤੱਕ ਫਾਰਮ ਭਰ ਸਕਦੇ ਹਨ।
ਉਦਯੋਗਿਕ ਸਿਖਲਾਈ ਵਿਭਾਗ ਵਲੋਂ ਜਾਰੀ ਕੀਤੇ ਸ਼ਡਿਉਲ ਅਨੁਸਾਰ ਜਿੰਨਾਂ ਵਿਦਿਆਰਥੀਆਂ ਦੇ 8ਵੀਂ ਜਾ 10ਵੀਂ ਕਲਾਸ ਵਿਚ 65 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 26 ਸਤੰਬਰ ਦੁਪਿਹਰ 1 ਵਜੇ ਤੱਕ, ਜਿੰਨਾਂ ਦੇ 50 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 27 ਸਤੰਬਰ ਦੁਪਹਿਰ 1 ਵਜੇ ਤੱਕ, 35 ਫੀਸਦੀ ਜਾਂ ਵੱਧ ਨੰਬਰ ਵਾਲੇ ਉਮੀਦਵਾਰ 28 ਸਤੰਬਰ ਦੁਪਹਿਰ 1 ਵਜੇ ਤੱਕ ਅਤੇ ਜਿੰਨਾਂ ਨੂੰ ਹਾਲੇ ਤੱਕ ਕਿਤੇ ਵੀ ਦਾਖਲਾ ਨਹੀਂ ਮਿਲਿਆ ਉਹ ਉਮੀਦਵਾਰ 29 ਅਤੇ 30 ਸਤੰਬਰ ਨੂੰ ਦੁਪਹਿਰ 1 ਵਜੇ ਤੱਕ ਆਈ.ਟੀ.ਆਈ ਵਿਚ ਪਹੁੰਚ ਕਰਕੇ ਅਪਲਾਈ ਕਰ ਸਕਦੇ ਹਨ ਅਤੇ ਮੈਰਿਟ ਸੂਚੀ ਅਨੁਸਾਰ ਖਾਲੀ ਪਈਆਂ ਸੀਟਾਂ ਲਈ ਮੌਕੇ `ਤੇ ਹੀ ਵਿਦਿਆਰਥੀਆਂ ਨੂੰ ਫੀਸ ਭਰਕੇ ਦਾਖਲਾ ਮਿਲ ਜਾਵੇਗਾ।
ਇਹਨਾਂ ਕੋਰਸਾਂ ਵਿਚ ਦਾਖ਼ਲੇ ਸਬੰਧੀ ਹਦਾਇਤਾਂ ਅਤੇ ਵਧੇਰੇ ਜਾਣਕਾਰੀ ਲਈ ਦਾਖਲਾ ਲੈਣ ਦੇ ਚਾਹਵਾਨ ਵੈਬਸਾਈਟ http://www.itipunjab.nic.in `ਤੇ ਜਾਓ ਜਾਂ ਆਪਣੀ ਨੇੜੇ ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਦੇ ਹੈਲਪ ਡੈਸਕ ਜਾਂ ਫੋਨ ਨੰਬਰ 0172-5022357 ਜਾਂ ਈ-ਮੇਲ ਆਈਡੀ [email protected] `ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸੂਬੇ ਦੀਆਂ ਸਰਕਾਰੀ ਆਈ.ਟੀ.ਆਈ ਵਿਚ ਐਸ.ਸੀ. ਕੈਟਾਗਰੀ ਦੇ ਸਿਖਿਆਰਥੀ, ਜਿਨ੍ਹਾਂ ਦੇ ਮਾਂ-ਬਾਪ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਘੱਟ ਹੈ, ਲਈ ਟਰੇਨਿੰਗ ਮੁਫ਼ਤ ਹੈ। ਬਾਕੀ ਵਿਦਿਆਰਥੀ ਮੌਕੇ `ਤੇ 1200 ਰੁਪਏ ਫੀਸ ਭਰਕੇ ਦਾਖਲਾ ਲੈ ਸਕਦੇ ਹਨ ਅਤੇ ਬਾਕੀ ਦੀ ਫੀਸ ਤਿੰਨ ਕਿਸ਼ਤਾਂ ਵਿਚ 750 ਰੁਪਏ ਪ੍ਰਤੀ ਕਿਸਤ ਲਈ ਜਾਵੇਗੀ।ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ-ਇੰਜੀਨੀਅਰਿੰਗ ਟਰੇਡਾਂ ਲਈ ਇਹ ਫੀਸ ਕ੍ਰਮਵਾਰ 19312 ਰੁਪਏ ਅਤੇ 12875 ਰੁਪਏ ਸਲਾਨਾ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਰਾਜ ਦੀਆਂ ਬਹੁਤ ਸਾਰੀਆਂ ਆਈ.ਟੀ.ਆਈਜ਼ ਨੇ ਉੱਘੀਆਂ ਉਦਯੋਗਿਕ ਇਕਾਈਆਂ ਨਾਲ ਤਾਲਮੇਲ ਕਰਕੇ ਡੀ.ਐਸ.ਟੀ. ਸਕੀਮ ਅਧੀਨ ਕੋਰਸ ਸ਼ੁਰੂ ਕੀਤੇ ਹਨ।ਇਕ ਸਾਲ ਦੇ ਕੋਰਸ ਵਿਚ ਵਿਦਿਆਰਥੀ ਪਹਿਲੇ 6 ਮਹੀਨੇ ਆਈ.ਟੀ.ਆਈਜ਼ ਵਿਚ ਪੜ੍ਹਾਈ ਕਰੇਗਾ ਅਤੇ ਪਿਛਲੇ 6 ਮਹੀਨੇ ਇੰਡਸਟਰੀ ਵਿਚ ਪ੍ਰੈਕਟੀਕਲ ਸਿਖਲਾਈ ਕਰੇਗਾ।
ਵਿਭਾਗ ਵਲੋਂ ਜਿੰਨ੍ਹਾਂ ਉੱਘੀਆਂ ਉਦਯੋਗਿਕ ਇਕਾਈਆਂ ਨਾਲ ਟਾਈ-ਅੱਪ ਚੱਲ ਰਿਹਾ ਹੈ, ਉਹਨਾਂ ਵਿਚ ਹੀਰੋ ਸਾਈਕਲਜ਼, ਟਰਾਈਡੈਂਟ ਲਿਮਟਿਡ, ਏਵਨ ਸਾਈਕਲਜ਼, ਸਵਰਾਜ ਇੰਜ਼ਨ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ, ਫੈਡਰਲ ਮੋਗਲ ਪਟਿਆਲਾ, ਗੋਦਰੇਜ਼ ਐਂਡ ਬਾਈਓਸ ਲਿਮਟਿਡ ਮੋਹਾਲੀ, ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ (ਸੋਨਾਲਿਕਾ) ਹੁਸ਼ਿਆਰਪੁਰ, ਐਨ.ਐਫ.ਐਲ. ਬਠਿੰਡਾ ਅਤੇ ਨੰਗਲ, ਨੈਸਲੇ ਇੰਡੀਆ ਲਿਮਟਿਡ ਮੋਗਾ, ਹੀਰੋ ਇਊਥੈਟਿਕ ਇੰਡਸਟਰੀ ਲੁਧਿਆਣਾ, ਪੰਜਾਬ ਐਲਕੇਲੀਜ਼ ਐਂਡ ਕੈਮੀਕਲ ਲਿਮਟਿਡ ਨੰਗਲ, ਹੋਟਲ ਹਯਾਤ, ਹੋਟਲ ਤਾਜ਼ ਆਦਿ ਸ਼ਾਮਲ ਹਨ।