ਮਾਹਰਾਂ ਦੀ ਸਲਾਹ ਮੁਤਾਬਕ ਖੇਤੀ ਕਰ ਕੇ ਇਸ ਨੂੰ ਲਾਹੇਵੰਦ ਬਣਾਇਆ ਜਾ ਸਕਦੇ: ਕਨੂੰ ਗਰਗ

*ਤਹਿਸੀਲ ਕੰਪਲੈਕਸ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਰਚੁਅਲ ਕਿਸਾਨ ਮੇਲਾ **ਕਿਸਾਨ ਮੇਲੇ ਦੌਰਾਨ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸੰਭਾਲ ਲਈ ਕੀਤਾ ਜਾਗਰੂਕ
ਸ੍ਰੀ ਅਨੰਦਪੁਰ ਸਾਹਿਬ / 18 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕਿਸਾਨ ਮੇਲੇ ਬਹੁਤ ਅਹਿਮ ਹਨ, ਜਿਨ੍ਹਾਂ ਜ਼ਰੀਏ ਨਵੀਆਂ ਖੇਤੀ ਤਕਨੀਕਾਂ ਦੀ ਜਾਣਕਾਰੀ ਮਿਲਦੀ ਹੈ ਤੇ ਖੇਤੀ ਨੂੰ ਲਾਹੇਵੰਦ ਬਣਾ ਕੇ ਕਿਸਾਨ ਆਪਣਾ ਜੀਵਨ ਪੱਧਰ ਉੱਚਾ ਕਰ ਸਕਦੇ ਹਨ। ਕਿਸਾਨ ਮਾਹਰਾਂ ਦੀ ਸਲਾਹ ਮੁਤਾਬਕ ਖੇਤੀ ਕਰਕੇ ਅਤੇ ਖੇਤੀ ਵਿਭਿੰਨਤਾ ਅਪਣਾ ਕੇ ਆਪਣੀ ਆਰਥਿਕਤਾ ਮਜ਼ਬੂਤ ਕਰ ਸਕਦੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਕਨੂੰ ਗਰਗ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਕਰਵਾਏ ਵਰਚੁਅਲ ਕਿਸਾਨ ਮੇਲੇ ਵਿੱਚ ਸ਼ਿਰਕਤ ਕਰਦਿਆਂ ਕੀਤਾ।
ਐਸ.ਡੀ.ਐਮ ਕਨੂੰ ਗਰਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਕਿਉਂਕਿ ਇਸ ਨਾਲ ਜਿਥੇ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ, ਉਥੇ ਵਾਤਾਵਰਣ ਪ੍ਰਦੂਸ਼ਣ ਵੀ ਫੈਲਦਾ ਹੈ, ਜਿਸ ਨਾਲ ਕਈ ਤਰ੍ਹਾਂ ਦੇ ਖਤਰੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਤਹਿਤ ਸਿਫਾਰਸ਼ ਕੀਤੀਆਂ ਫ਼ਸਲਾਂ ਦੀ ਬਿਜਾਈ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਖੇਤੀ ਵਿਭਿੰਨਤਾ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ ਤੇ ਕਿਸਾਨ ਖੇਤੀ ਵਿਭਿੰਨਤਾ ਅਪਣਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉਚਾ ਚੁੱਕ ਸਕਦੇ ਹਨ।

ਜ਼ਿਕਰਯੋਗ ਹੈ ਕਿ ਇਹ ਵਰਚੁਅਲ ਕਿਸਾਨ ਮੇਲਾ ਲੁਧਿਆਣਾ ਦੀ ਖੇਤੀਬਾੜੀ ਯੂਨੀਵਰਸਿਟੀ ਤੋਂ ਆਨਲਾਈਨ ਲਾਈਵ ਟੈਲੀਕਾਸਟ ਕੀਤਾ ਗਿਆ, ਜਿਸ ਵਿੱਚ ਵੱਖ ਵੱਖ ਥਾਈਂ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਪਰਾਲੀ ਦੀ ਸੁਚੱਜੀ ਸੰਭਾਲ ਲਈ ਸਰਕਾਰ ਵੱਲੋਂ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਮੁੱਖ ਖੇਤੀਬਾੜੀ ਵਿਕਾਸ ਅਫਸਰ ਅਮਰਜੀਤ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਨ ਲਾਈਨ ਪ੍ਰਣਾਲੀ ਰਾਹੀਂ ਲਗਾਏ ਗਏ ਵਰਚੁਅਲ ਕਿਸਾਨ ਮੇਲੇ ਦਾ ਸਿੱਧਾ ਪ੍ਰਸਾਰਨ ਹੋਇਆ, ਜਿਸ ਦਾ ਕਿਸਾਨਾਂ ਨੇ ਭਰਪੂਰ ਲਾਭ ਲਿਆ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਾਲ ਵਿੱਚ ਹਾੜ੍ਹੀ ਤੇ ਸਾਉਣੀ ਦੀ ਫ਼ਸਲ ਦੇ ਦੋ ਕਿਸਾਨ ਮੇਲੇ ਲਗਾਏ ਜਾਂਦੇ ਹਨ, ਜਿਨ੍ਹਾਂ ਵਿੱਚ ਕਿਸਾਨ ਹਿੱਸਾ ਲੈ ਕੇ ਬੀਜ, ਖਾਦ ਤੇ ਦਵਾਈਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਨ ਪ੍ਰੰਤੂ ਕੋਵਿਡ ਕਾਰਨ ਇਸ ਵਾਰ ਇਹ ਕਿਸਾਨ ਮੇਲਾ ਆਨ ਲਾਈਨ ਹੀ ਲਾਇਆ ਗਿਆ, ਜਿਸ ਦਾ ਉਪ ਮੰਡਲ ਦੇ ਕਿਸਾਨਾਂ ਨੇ ਭਰਪੂਰ ਲਾਭ ਲਿਆ ਹੈ।
ਇਸ ਮੌਕੇ ਜ਼ਸਵੰਤ ਸਿੰਘ, ਕਰਤਾਰ ਸਿੰਘ, ਕਲਤਾਰ ਸਿੰਘ, ਰਾਜੇਸ ਕੁਮਾਰ, ਜ਼ਗਵੀਰ ਸਿੰਘ, ਭੁਪਿੰਦਰ ਸਿੰਘ, ਨਰਿੰਦਰ ਸਿੰਘ, ਗੁਰਚਰਨ ਸਿੰਘ, ਜਸਵਿੰਦਰ ਸਿੰਘ, ਜਗਤ ਸਿੰਘ, ਮਾਇਆ ਦਾਸ, ਬਲਦੇਵ ਕ੍ਰਿਸ਼ਨ, ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ, ਰਾਜ ਕੁਮਾਰ, ਸਤਨਾਮ ਸਿੰਘ, ਤਲਵਿੰਦਰ ਸਿੰਘ, ਰਵਿੰਦਰ ਕੁਮਾਰ, ਕਮਲ ਸਿੰਘ, ਚਰਨਜੀਤ ਸਿੰਘ ਸਮੇਤ ਉਪ ਮੰਡਲ ਦੇ ਕਿਸਾਨ ਹਾਜ਼ਰ ਸਨ।
