ਕੇਂਦਰ ਸਰਕਾਰ ਵੱਲੋਂ ਲਿਆਂਦੇ ਕਿਸਾਨ ਵਿਰੋਧੀ ਬਿਲ ਕੇਵਲ ਕਿਰਸਾਨੀ ਨੂੰ ਨਹੀਂ, ਬਲਕਿ ਦੇਸ਼ ਨੂੰ ਬਰਬਾਦ ਕਰ ਦੇਣਗੇ- ਸਰਕਾਰੀਆ
*ਖੇਤੀ ਮੇਲੇ ਮੌਕੇ ਕਿਸਾਨਾਂ ਨਾਲ ਕੀਤੀ ਵਿਚਾਰ-ਚਰਚਾ **ਕਿਸਾਨ ਦੇ ਨਾਲ-ਨਾਲ ਆਮ ਲੋਕ ਵੀ ਹੋਣਗੇ ਇੰਨਾਂ ਕਾਲੇ ਕਾਨੂੰਨਾਂ ਦਾ ਸ਼ਿਕਾਰ
ਅੰਮ੍ਰਿਤਸਰ / 18 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕੋਰੋਨਾ ਕਾਰਨ ਪਹਿਲੀ ਵਾਰ ਡਿਜ਼ੀਟਲ ਤੌਰ ਉਤੇ ਕਰਵਾਏ ਗਏ ਕਿਸਾਨ ਮੇਲੇ ਮੌਕੇ ਕਿਸਾਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਸ਼ਹਿਰੀ ਵਿਕਾਸ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਨਵੇਂ ਬਣਾਏ ਜਾ ਰਹੇ ਖੇਤੀ ਕਾਨੂੰਨ ਕੇਵਲ ਪੰਜਾਬ ਦੀ ਹੀ ਨਹੀਂ, ਬਲਿਕ ਭਾਰਤ ਦੀ ਕਿਰਸਾਨੀ ਨੂੰ ਬਰਬਾਦ ਕਰਕੇ ਰੱਖ ਦੇਣਗੇ। ਇਸ ਦੇ ਨਾਲ-ਨਾਲ ਆਮ ਲੋਕਾਂ ਨੂੰ ਮਹਿੰਗਾਈ ਦੀ ਵੱਡੀ ਮਾਰ ਦਾ ਸਾਹਮਣਾ ਵੀ ਇਸ ਨਵੇਂ ਕਾਨੂੰਨ ਕਾਰਨ ਕਰਨਾ ਪਵੇਗਾ, ਕਿਉਂਕਿ ਕਿਸਾਨ ਵੱਲੋਂ ਪੈਦਾ ਕੀਤੇ ਅੰਨ, ਸਬਜੀਆਂ ਅਤੇ ਤੇਲ ਬੀਜ ਤਾਂ ਹਰ ਘਰ ਦੀ ਲੋੜ ਹਨ।
ਉਨਾਂ ਕਿਹਾ ਕਿ ਇਸ ਨਾਲ ਸਰਕਾਰਾਂ ਦਾ ਕੰਟਰੋਲ ਫਸਲਾਂ ਦੀ ਖਰੀਦ ਤੋਂ ਹਟ ਜਾਵੇਗਾ ਅਤੇ ਵੱਡੀਆਂ ਸਰਮਾਏਦਾਰ ਕੰਪਨੀਆਂ ਦੇ ਹੱਥ ਆ ਜਾਵੇਗਾ। ਉਹ ਜਿੰਨਾ ਚਾਹੁਣ ਇਹ ਅਨਾਜ ਭੰਡਾਰ ਕਰ ਸਕਣਗੀਆਂ। ਇਸ ਨਾਲ ਇਕ ਤਾਂ ਪਹਿਲੇ ਇਕ-ਦੋ ਸਾਲ ਕਿਸਾਨ ਨੂੰ ਸਰਕਾਰ ਵੱਲੋਂ ਤੈਅ ਕੀਤਾ ਸਰਕਾਰੀ ਰੇਟ ਮਿਲੇਗਾ ਅਤੇ ਹੋ ਸਕਦਾ ਹੈ ਕਿ ਵਪਾਰੀ ਉਸ ਨਾਲੋਂ ਵੀ ਵੱਧ ਕਿਸਾਨ ਨੂੰ ਝਾਂਸੇ ਵਿਚ ਲੈਣ ਲਈ ਦੇ ਦੇਵੇ, ਪਰ ਉਸ ਤੋਂ ਮਗਰੋਂ ਜਦੋਂ ਸਰਕਾਰ ਦਾ ਮੰਡੀ ਸਿਸਟਮ ਪੂਰੀ ਤਰਾਂ ਫੇਲ ਹੋ ਗਿਆ, ਤਾਂ ਸਰਕਾਰ ਨੇ ਘੱਟੋ-ਘਟ ਸਮਰਥਨ ਮੁੱਲ ਦਾ ਐਲਾਨ ਨਹੀਂ ਕਰਨਾ ਅਤੇ ਨਾ ਹੀ ਖਰੀਦ ਕੀਤੀ, ਤਾਂ ਵਪਾਰੀ ਆਪਣੇ ਮੁੱਲ ਉਤੇ ਕਿਸਾਨ ਕੋਲੋਂ ਫਸਲਾਂ ਉਸਦੀ ਮਜ਼ਬੂਰੀ ਦਾ ਫਾਇਦਾ ਲੈਂਦਾ ਹੋਇਆ ਖੋਵੇਗਾ। ਇਥੇ ਹੀ ਬਸ ਨਹੀਂ ਇਹ ਵਪਾਰੀ ਫਸਲਾਂ ਭੰਡਾਰ ਕਰਕੇ ਲੋੜ ਵੇਲੇ ਆਪਣੇ ਮੁੱਲ ਉਤੇ ਵੇਚਣਗੇ ਅਤੇ ਲੋਕਾਂ ਨੂੰ ਪਾਪੀ ਪੇਟ ਦੀ ਭੁੱਖ ਬੁਝਾਉਣ ਲਈ ਮੂੰਹ ਮੰਗੇ ਮੁੱਲ ਉਤੇ ਇਹ ਅਨਾਜ ਖਰੀਦਣਾ ਵੀ ਪਵੇਗਾ। ਉਨਾਂ ਕਿਹਾ ਕਿ ਇਸ ਤਰਾਂ ਇਹ ਕਾਨੂੰਨ ਕੇਵਲ ਕਿਸਾਨ ਵਿਰੋਧੀ ਹੀ ਨਹੀਂ, ਬਲਕਿ ਸਮੁੱਚੇ ਭਾਰਤੀਆਂ ਵਿਰੁੱਧ ਹੈ। ਇਕ ਤਾਂ ਕਿਸਾਨ ਕੋਲ ਪੈਸਾ ਘੱਟ ਆਉਣ ਨਾਲ ਉਸਦੀ ਖਰੀਦ ਸ਼ਕਤੀ ਸਿਮਟ ਕੇ ਰਹਿ ਜਾਵੇਗੀ, ਜਿਸ ਨਾਲ ਭਾਰਤ ਦਾ ਬਾਜ਼ਾਰ ਬੰਦ ਹੋਣ ਕਿਨਾਰੇ ਪਹੁੰਚ ਜਾਵੇਗਾ, ਦੂਸਰਾ ਅਨਾਜ ਅਤੇ ਹੋਰ ਵਸਤਾਂ ਦੇ ਭਾਅ ਅਸਮਾਨੀ ਪੁੱਜ ਜਾਣ ਕਾਰਨ ਆਮ ਲੋਕਾਂ ਨੂੰ ਰੋਟੀ ਦੇ ਲਾਲੇ ਪੈ ਜਾਣਗੇ। ਸ. ਸਰਕਾਰੀਆ ਨੇ ਕਿਹਾ ਕਿ ਇਸ ਲਈ ਅਜਿਹੇ ਕਾਲੇ ਕਾਨੂੰਨਾਂ ਦਾ ਵਿਰੋਧ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਹੈ, ਨਾ ਕਿ ਕੇਵਲ ਕਿਸਾਨ ਨੂੰ।
ਉਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਜ ਸਰਕਾਰ ਦੀ ਇਸ ਗੱਲ ਵਿਚ ਕੋਈ ਦਲੀਲ ਜਾਂ ਅਪੀਲ ਨਹੀਂ ਸੁਣੀ, ਬਲਕਿ ਇਕ ਪਾਸੜ ਇਹ ਕਾਨੂੰਨ ਥੋਪ ਕੇ ਰਾਜਾਂ ਦੇ ਅਧਿਕਾਰਾਂ ਉਤੇ ਵੀ ਡਾਕਾ ਮਾਰਿਆ ਹੈ। ਉਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਕਾਲੇ ਕਾਨੂੰਨਾਂ ਦਾ ਸਾਂਤ ਮਈ ਤਰੀਕੇ ਨਾਲ ਵਿਰੋਧ ਕਰਕੇ ਕੇਂਦਰ ਸਰਕਾਰ ਨੂੰ ਅਜਿਹੇ ਮਾਰੂ ਫੈਸਲੇ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ, ਚੇਅਰਮੈਨ ਸ. ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਡਿਪਟੀ ਮੇਅਰ ਸ੍ਰੀ ਰਮਨ ਬਖਸ਼ੀ, ਚੇਅਰਮੈਨ ਸ. ਦਿਲਰਾਜ ਸਿੰਘ ਸਰਕਾਰੀਆ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਦਿਹਾਤੀ ਪ੍ਰਧਾਨ ਸ. ਭਗਵੰਤਪਾਲ ਸਿੰਘ ਸੱਚਰ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਸੀਨੀਅਰ ਅਧਿਕਾਰੀ ਤੇ ਨੇਤਾ ਹਾਜ਼ਰ ਸਨ। ਜਿਲਾ ਖੇਤੀ ਅਧਿਕਾਰੀ ਸ. ਗੁਰਦਿਆਲ ਸਿੰਘ ਬੱਲ ਨੇ ਜਿੱਥੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਉਥੇ ਵਿਭਾਗ ਦੀਆਂ ਕੋਰੋਨਾ ਸੰਕਟ ਦੇ ਬਾਵਜੂਦ ਪ੍ਰਾਪਤੀਆਂ ਵੀ ਸਾਂਝੀਆਂ ਕੀਤੀ।
ਬਾਗਬਾਨੀ ਦੇ ਡਿਪਟੀ ਡਾਇਰੈਕਟਰ ਸ. ਗੁਰਿੰਦਰ ਸਿੰਘ ਧੰਜਲ ਨੇ ਇਸ ਮੌਕੇ ਸ. ਸਰਕਾਰੀਆ ਕੋਲੋਂ ਘਰੇਲੂ ਬਗੀਚੀ ਜਿਸ ਵਿਚ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਘਰਾਂ ਵਿਚ ਹਰੀਆਂ ਸਬਜੀਆਂ ਬੀਜਣ ਲਈ ਉਤਸ਼ਾਹਿਤ ਕਰਨ ਵਾਸਤੇ ਬੀਜ ਕਿਟ ਵੀ ਜਾਰੀ ਕਰਵਾਈ, ਜੋ ਕਿ ਵਿਭਾਗ ਕੋਲੋਂ ਪ੍ਰਾਪਤ ਕੀਤੀ ਜਾ ਸਕਦੀ ਹੈ।