November 23, 2024

ਫੇਸਬੁੱਕ ਲਾਈਵ: ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਵੱਧ ਤੋਂ ਵੱਧ ਟੈਸਟਿੰਗ ਕਰਵਾਉਣ ਲੋਕ- ਅਪਨੀਤ ਰਿਆਤ

0

*ਜ਼ਿਲੇ ਦੀਆਂ ਇਕ ਹਜ਼ਾਰ ਤੋਂ ਵੱਧ ਪੰਚਾਇਤਾਂ ਨੇ ਸਿਹਤ ਟੀਮਾਂ ਨੂੰ ਸਹਿਯੋਗ ਦੇਣ ਲਈ ਪਾਏ ਮਤੇ **ਘਰਾਂ ‘ਚ ਇਕਾਂਤਵਾਸ ਕੋਵਿਡ ਪਾਜੀਟਿਵ ਮਰੀਜ ਫੋਨ ਨੰਬਰ 90419-01590 ਤੇ 0172-4071400 ਤੋਂ ਆਉਣ ਵਾਲੀਆਂ ਕਾਲਾਂ ਨੂੰ ਜ਼ਰੂਰ ਕਰਨ ਅਟੈਂਡ ***ਪੰਜਾਬ ਸਰਕਾਰ ਵਲੋਂ ਮਰੀਜਾਂ ਦਾ ਹਾਲਚਾਲ ਜਾਣਨ ਅਤੇ ਮਰੀਜ ਨੂੰ ਦਿੱਕਤ ਆਉਣ ‘ਤੇ ਜ਼ਰੂਰੀ ਕਾਰਵਾਈ ਉਪਲਬੱਧ ਕਰਵਾਉਣ ਲਈ ਕੀਤਾ ਜਾਂਦਾ ਹੈ ਫੋਨ ***ਕੋਵਿਡ ਦੇ ਸੰਭਾਵੀ ਲੱਛਣ ਆਉਣ ‘ਤੇ ਨਾ ਕੀਤੀ ਜਾਵੇ ਦੇਰੀ, ਤੁਰੰਤ ਸਿਹਤ ਕੇਂਦਰ ਜਾਂ ਹੈਲਪਲਾਈਨ ਨੰਬਰ ‘ਤੇ ਕੀਤਾ ਜਾਵੇ ਸੰਪਰਕ

ਹੁਸ਼ਿਆਰਪੁਰ / 17 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲੇ ਵਿੱਚ ਵੱਧ ਰਹੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਵੱਧ ਤੋਂ ਵੱਧ ਟੈਸਟਿੰਗ ਕਰਵਾਈ ਜਾ ਰਹੀ ਹੈ, ਜਿਸ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਸ ਲਈ ਜੇਕਰ ਕਿਸੇ ਵਿੱਚ ਕੋਵਿਡ ਸਬੰਧੀ ਲੱਛਣ ਆਉਂਦੇ ਹਨ, ਤਾਂ ਉਹ ਤੁਰੰਤ ਆਪਣਾ ਕੋਰੋਨਾ ਟੈਸਟ ਕਰਵਾਉਣ ਤਾਂ ਜੋ ਸਮੇਂ ਸਿਰ ਉਸ ਦਾ ਇਲਾਜ ਕੀਤਾ ਜਾ ਸਕੇ। ਉਹ ਜ਼ਿਲਾ ਲੋਕ ਸੰਪਰਕ ਦਫ਼ਤਰ ਦੇ ਫੇਸਬੁੱਕ ਪੇਜ ‘ਤੇ ਲਾਈਵ ਦੌਰਾਨ ਜ਼ਿਲਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਲਈ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਤੱਕ ਇਕ ਹਜ਼ਾਰ ਤੋਂ ਵੱਧ ਜਾਗਰੂਕ ਪੰਚਾਇਤਾਂ ਨੇ ਪਿੰਡਾਂ ਵਿੱਚ ਆਉਣ ਵਾਲੀਆਂ ਸਿਹਤ ਟੀਮਾਂ ਨੂੰ ਸਹਿਯੋਗ ਦੇਣ ਲਈ ਮਤੇ ਪਾ ਦਿੱਤੇ ਹਨ। ਇਸ ਦੇ ਨਾਲ ਹੀ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਕੋਰੋਨਾ ਸਬੰਧੀ ਜਾਗਰੂਕਤਾ ਮੁਹਿੰਮ ਅਤੇ ਟੈਸਟਿੰਗ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਜ਼ਿਲੇ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਮੇਂ ਜ਼ਿਲੇ ਵਿੱਚ 36 ਹਾਟਸਪਾਟ, 1 ਕੰਟੇਨਮੈਂਟ ਜੋਨ ਅਤੇ 4 ਮਾਈਕ੍ਰੋ ਕੰਟੇਨਮੈਂਟ ਜੋਨ ਹਨ। ਉਨਾਂ ਕਿਹਾ ਕਿ ਲੋਕਾਂ ਵਿੱਚ ਕੋਰੋਨਾ ਪ੍ਰਤੀ ਜਾਗਰੂਕਤਾ ਆਉਣੀ ਇਕ ਚੰਗੀ ਗੱਲ ਹੈ ਅਤੇ ਜਾਗਰੂਕਤਾ ਨਾਲ ਹੀ ਅਸੀਂ ਇਸ ਮਹਾਂਮਾਰੀ ਦੇ ਫੈਲਾਅ ਨੂੰ ਰੋਕ ਸਕਦੇ ਹਨ। ਉਨਾਂ ਹੁਸ਼ਿਆਰਪੁਰ ਦੇ ਜੈਮਸ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਕੂਲ ਵਲੋਂ ਆਪਣੇ ਕੈਂਪਸ ਵਿੱਚ ਕੋਵਿਡ-19 ਦੀ ਟੈਸਟਿੰਗ ਕਰਵਾਉਣ ਲਈ ਪਹਿਲ ਕੀਤੀ ਗਈ ਹੈ ਅਤੇ ਪੂਰੇ ਸਟਾਫ਼ ਨੇ ਸਵੈਇੱਛਾ ਨਾਲ ਆਪਣੇ ਕੋਰੋਨਾ ਟੈਸਟ ਕਰਵਾਏ ਹਨ, ਜੋ ਕਿ ਇਕ ਪ੍ਰਸ਼ੰਸਾਯੋਗ ਕਾਰਜ ਹੈ। ਇਸ ਦੌਰਾਨ ਉਨਾਂ ਦੱਸਿਆ ਕਿ ਕੁਝ ਮਾਮਲਿਆਂ ਵਿੱਚ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਲੋਕ ਮਰੀਜਾਂ ਨੂੰ ਹਸਪਤਾਲਾਂ ਵਿੱਚ ਕਾਫ਼ੀ ਦੇਰੀ ਨਾਲ ਲੈ ਕੇ ਆਉਂਦੇ ਹਨ, ਜਿਸ ਕਾਰਨ ਉਨਾਂ ਦੇ ਇਲਾਜ ਵਿੱਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਅਪੀਲ ਕਰਦਿਆਂ ਕਿਹਾ ਕਿ ਹੁਣ ਵੀ ਕਿਸੇ ਵਿੱਚ ਕੋਰੋਨਾ ਦੇ ਲੱਛਣ ਆਉਣ, ਤਾਂ ਉਹ ਤੁਰੰਤ ਸਿਹਤ ਕੇਂਦਰ ਜਾਂ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਮਰੀਜ ਦਾ ਇਲਾਜ ਕਰਕੇ ਕੀਮਤੀ ਜਾਨ ਬਚਾਈ ਜਾ ਸਕੇ।

ਅਪਨੀਤ ਰਿਆਤ ਨੇ ਲੋਕਾਂ ਨੂੰ ਇਮਿਊਨਿਟੀ ਵਧਾਉਣ ਲਈ ਕਸਰਤ, ਪੌਸ਼ਟਿਕ ਖਾਣੇ ਦੇ ਨਾਲ-ਨਾਲ ਸਾਵਧਾਨੀਆਂ ਅਪਨਾਉਣ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕੋਰੋਨਾ ਸਬੰਧੀ ਦਰਸਾਈਆਂ ਗਈਆਂ ਸਾਵਧਾਨੀਆਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਫੋਨ ਨੰਬਰ 90419-01590 ਅਤੇ 0172-4071400 ਰਾਹੀਂ ਘਰਾਂ ਵਿੱਚ ਇਕਾਂਤਵਾਸ ਕੋਵਿਡ ਪਾਜੀਟਿਵ ਮਰੀਜਾਂ ਦਾ ਹਾਲਚਾਲ ਪੁੱਛਣ ਲਈ ਫੋਨ ਕੀਤਾ ਜਾਂਦਾ ਹੈ ਤਾਂ ਜੋ ਮਰੀਜਾਂ ਨੂੰ ਕੋਈ ਦਿੱਕਤ ਆਉਣ ‘ਤੇ ਜ਼ਰੂਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨਾਂ ਨੰਬਰਾਂ ਤੋਂ ਆਉਣ ਵਾਲੇ ਫੋਨਾਂ ਨੂੰ ਜ਼ਰੂਰ ਅਟੈਂਡ ਕਰਨ ਅਤੇ ਪੁੱਛਣ ‘ਤੇ ਸਹੀ ਜਾਣਕਾਰੀ ਦੇਣ। ਉਨਾਂ ਕਿਹਾ ਕਿ ਕੋਰੋਨਾ ਦੇ ਨਾਲ-ਨਾਲ ਹੋਰ ਬੀਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਆਦਿ ਦੇ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਉਨਾਂ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ, ਸਮੂਹ ਐਸ.ਡੀ.ਐਮਜ਼ ਅਤੇ ਕਾਰਜਸਾਧਕ ਅਫ਼ਸਰਾਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਫੋਗਿੰਗ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਇਸ ਦੇ ਨਾਲ ਹੀ ਲੋਕ ਵੀ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਅਤੇ ਪਾਣੀ ਨਾ ਖੜਾ ਹੋਣ ਦੇਣ।

Leave a Reply

Your email address will not be published. Required fields are marked *