ਸਾਲ 2020-21 ਤੱਕ ਰੂਪਨਗਰ ਜਿਲੇ ਵਿੱਚ ਹਰ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਨਿਰਧਾਰਤ ਮਾਤਰਾ ਵਿੱਚ ਪ੍ਰਾਪਤ ਹੋਵੇਗਾ- ਰਾਣਾ ਕੇ ਪੀ ਸਿੰਘ
*ਸਪੀਕਰ ਰਾਣਾ ਕੇ ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਵਲੋਂ ਜਲ ਜੀਵਨ ਮਿਸ਼ਨ ਰੈਲੀ ਵਿੱਚ ਕੀਤੀ ਸ਼ਮੁਲਿਅਤ **ਜਿਲੇ ਵਿੱਚ 20,000 ਨਵੇਂ ਪਾਣੀ ਦੇ ਕੁਨੈਕਸ਼ਨ ਦੇਣ ਦਾ ਟੀਚਾ ਹੋਵੇਗਾ ਮੁਕੰਮਲ।
ਸ੍ਰੀ ਅਨੰਦਪੁਰ ਸਾਹਿਬ / 17 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਪੰਜਾਬ ਸਰਕਾਰ ਵਲੋਂ ਵੱਖ-ਵੱਖ ਪੇਂਡੂ ਖੇਤਰਾਂ ਵਿਖੇ ਹਰੇਕ ਪਿੰਡ ਵਾਸੀ ਨੂੰ ਪੀਣ ਵਾਲਾ ਸ਼ੁੱਧ ਪਾਣੀ ਹਰੇਕ ਘਰ ਵਿੱਚ ਨਿਰਧਾਰਤ ਮਾਤਰਾ ਵਿੱਚ ਪਹੁੰਚਾਉਣ ਦਾ ਟਿੱਚਾ ਮਿੱਥਿਆ ਗਿਆ ਹੈ। ਪੰਜਾਬ ਸਰਕਾਰ ਨੇ ਇਹ ਕੰਮ ਸਾਲ 2022 ਤੱਕ ਮੁਕੰਮਲ ਕਰਨ ਦਾ ਟੀਚਾ ਮੁਕਰਰ ਕਰ ਦਿੱਤਾ ਹੈ ਅਤੇ ਜਿਲਾ ਰੂਪਨਗਰ ਵਿਖੇ ਇਹ ਕੰਮ ਇਸੇ ਵਿੱਤੀ ਸਾਲ 2020-21 ਵਿੱਚ ਹੀ ਮੁਕੰਮਲ ਕਰ ਦਿੱਤਾ ਜਾਵੇਗਾ।
ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਅੱਜ ਇਥੋ ਨੇੜਲੇ ਪਿੰਡ ਸ਼ਮਲਾਹ ਵਿਖੇ ਜਲ ਜੀਵਨ ਮਿਸ਼ਨ ਤਹਿਤ ਅਯੋਜਿਤ ਇਕ ਰੈਲੀ ਮੋਕੇ ਦਿੱਤੀ। ਉਹਨਾਂ ਕਿਹਾ ਕਿ ਇਸ ਸਕੀਮ ਦੇ ਤਹਿਤ ਹਰੇਕ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਦੇਣ ਲਈ ਹਰ ਘਰ ਵਿੱਚ ਸ਼ੁੱਧ ਪਾਣੀ ਦਾ ਕੁਨੈਕਸ਼ਨ ਲਗਾਉਣਾ ਅਤੇ ਘੱਟੋਂ-ਘੱਟ 55 ਲੀਟਰ ਪ੍ਰਤੀ ਜੀਅ ਦੇ ਹਿਸਾਬ ਨਾਲ ਪਾਣੀ ਹਰੇਕ ਪਿੰਡ ਵਾਸੀ ਨੂੰ ਮੁਹੱਇਆ ਕਰਵਾਉਣ ਦਾ ਉਦੇਸ਼ ਹੈ। ਉਹਨਾਂ ਕਿਹਾ ਕਿ ਮੌਜੂਦਾ ਜਲ ਸਪਲਾਈ ਸਕੀਮਾਂ ਲਈ ਗ੍ਰਾਮ ਪੰਚਾਇਤ ਦੀ ਸਹਾਇਤਾ ਕਰਨਾ, ਨਵੇਂ ਸਰੋਤਾਂ ਦੀ ਸਥਾਪਨਾ ਕਰਨਾ, ਜਲ ਸਪਲਾਈ ਸਕੀਮਾਂ ਨੂੰ ਪਿੰਡ ਵਾਸੀਆਂ ਦੀ ਜਰੂਰਤ ਮੁਤਾਬਿਕ ਅਪ-ਗ੍ਰੇਡ ਕਰਨਾ ਇਸ ਸਕੀਮ ਦੇ ਮੰਤਵ ਹਨ। ਉਹਨਾਂ ਕਿਹਾ ਕਿ ਇਸ ਉਪਰਾਲੇ ਅਧੀਨ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਨਵੇਂ 8100 ਅਤੇ ਜਿਲਾ ਰੂਪਨਗਰ ਵਿਖੇ ਕੁੱਲ 20,000 ਪਾਣੀ ਦੇ ਕੁਨੈਕਸ਼ਨ ਵਿੱਤੀ ਸਾਲ 2020-21 ਵਿੱਚ ਜਾਰੀ ਕੀਤੇ ਜਾਣਗੇ।
ਸਪੀਕਰ ਨੇ ਕਿਹਾ ਕਿ ਇਹ ਨਵੇਂ ਪਾਣੀ ਦੇ ਕੁਨੈਕਸ਼ਨ ਜਾਰੀ ਕਰਨ ਦਾ ਟਿੱਚਾ ਬਹੁਤ ਹੀ ਜਲਦ ਪੂਰਾ ਹੋਣ ਜਾ ਰਿਹਾ ਹੈ। ਇਸ ਉਪਰੰਤ ਜਲ ਸਪਲਾਈ ਸਕੀਮਾਂ ਦੇ ਸਰੋਤਾਂ ਅਤੇ ਵਾਟਰ ਵਰਕਸ ਨੂੰ ਅਪ-ਗ੍ਰੇਡ ਕਰਨ ਦਾ ਕੰਮ ਅਰੰਭਿਆ ਜਾਵੇਗਾ ਤਾਂ ਜੋ ਹਰ ਘਰ ਨੂੰ ਪੀਣ ਯੋਗ ਸ਼ੁੱਧ ਪਾਣੀ ਨਿਰਧਾਰਤ ਮਾਤਰਾ ਵਿੱਚ ਪ੍ਰਾਪਤ ਹੋ ਸਕੇ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਚੰਗਰ ਨੂੰ ਸਾਲ 2022 ਤੋਂ ਪਹਿਲਾਂ ਹਰਿਆ ਭਰਿਆ ਕੀਤਾ ਜਾਵੇਗਾ। ਲਿਫਟ ਸਿੰਚਾਈ ਯੋਜਨਾ ਤਹਿਤ ਚੰਗਰ ਨੂੰ ਪਾਣੀ ਪਹੁੰਚਾਇਆ ਜਾਵੇਗਾ ਇਸ ਪ੍ਰੋਜੈਕਟ ਦੀ ਰਫਤਾਰ ਵਿੱਚ ਤੇਜੀ ਲਿਆਉਣ ਲਈ ਇਸਦੇ ਤਕਨੀਕੀ ਅੜਿਕੇ ਦੂਰ ਹੋ ਚੁੱਕੇ ਹਨ ਅਤੇ ਜਲਦੀ ਹੀ ਇਸ ਯੋਜਨਾ ਦੇ ਕੰਮ ਨੂੰ ਹੋਰ ਰਫਤਾਰ ਨਾਲ ਸੁਰੂ ਕਰਕੇ ਜਲਦੀ ਹੀ ਚੰਗਰ ਨੂੰ ਪਾਣੀ ਪਹੁੰਚਾਇਆ ਜਾਵੇਗਾ। ਉਹਨਾਂ ਕਿਹਾ ਕਿ ਡਿਪਟੀ ਕਮਿਸਨਰ ਵਲੋਂ ਉੱਚ ਪੱਧਰੀ ਤਾਲਮੇਲ ਕਰਨ ਨਾਲ ਹੁਣ ਲਿਫਟ ਇਰੀਗੇਸ਼ਨ ਦੇ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ।
ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਮੋਜੂਦਾ ਦੋਰ ਵਿੱਚ ਕਰੋਨਾ ਮਹਾਂਮਾਰੀ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ ਇਸਤੋਂ ਬਚਾਅ ਲਈ ਇਕੋ ਇਕ ਸਰਲ ਰਸਤਾ ਮਾਸਕ ਪਾਉਣਾ, ਸਮਾਜਿਕ ਵਿੱਥ ਰੱਖਣਾ ਅਤੇ ਸਾਫ ਸਫਾਈ ਹੈ ਤਾਂ ਜੋ ਆਪਣੇ ਅਤੇ ਪਰਿਵਾਰ ਦੇ ਨਾਲ ਨਾਲ ਰਿਸ਼ਤੇਦਾਰ ਅਤੇ ਆਲੇ ਦੁਆਲੇ ਦੇ ਸਮਾਜ ਨੂੰ ਸੁਰੱਖਿਅਤ ਰੱਖਿਆ ਜਾਵੇ ਜੋ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ ਉਹਨਾਂ ਇਸ ਮੋਕੇ ਮੁਫਤ ਮਾਸਕ ਵੰਡਣ ਦੀ ਸੁਰੂ ਕੀਤੀ ਮੁਹਿੰਮ ਤਹਿਤ ਮੁਫਤ ਮਾਸਕਾਂ ਦੀ ਵੰਡ ਕੀਤੀ ਅਤੇ ਲੋਕਾਂ ਨੁੰ ਕਰੋਨਾ ਨੂੰ ਹਰਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ।
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜਲ ਜੀਵਨ ਮਿਸ਼ਨ ਨੂੰ ਸਾਲ 2024 ਤੱਕ ਮੁਕੰਮਲ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਇਹ ਕੰਮ ਸਾਲ 2022 ਤੱਕ ਮੁਕੰਮਲ ਕਰਨ ਦਾ ਟੀਚਾ ਮੁਕਰਰ ਕਰ ਦਿੱਤਾ ਹੈ। ਜਿਲਾ ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਦੀ ਅਗਵਾਈ ਵਿੱਚ ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਮਾਇਕਲ ਵਲੋਂ ਸ੍ਰੀ ਅਨੰਦਪੁਰ ਸਾਹਿਬ ਡਵੀਜਨ ਵਿੱਚ ਇਹ ਕੰਮ ਪੂਰੀ ਰਫਤਾਰ ਨਾਲ ਮੁਕੰਮਲ ਕਰਕੇ ਨਿਰਧਾਰਤ ਟੀਚੇ ਨੂੰ ਇਸੇ ਵਿੱਤੀ 2020-21 ਤੱਕ ਪੂਰਾ ਕੀਤਾ ਜਾ ਜਾਵੇਗਾ। ਇਸ ਮੋਕੇ ਗਰਾਮ ਪੰਚਾਇਤ ਵਲੋਂ ਸਪੀਕਰ ਰਾਣਾ ਕੇ ਪੀ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਦਾ ਵਿਸੇਸ਼ ਸਨਮਾਨ ਕੀਤਾ ਗਿਆ।
ਇਸ ਮੋਕੇ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ, ਐਸ ਡੀ ਐਮ ਕਨੂ ਗਰਗ, ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ, ਤਹਿਸੀਲਦਾਰ ਰਾਮ ਕ੍ਰਿਸ਼ਨ, ਜਲ ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਮਾਇਕਲ, ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਦੱਸਗੁਰਾਈ, ਮਾਰਕੀਟ ਕਮੇਟੀ ਚੇਅਰਮੈਨ ਹਰਬੰਸ ਲਾਲ ਮਹਿਦਲੀ, ਨਗਰ ਕੋਸ਼ਲ ਦੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਜੀਤਾ, ਜਿਲਾ ਪ੍ਰੀਸ਼ਦ ਦੀ ਚੇਅਰਪਰਸ਼ਨ ਕ੍ਰਿਸ਼ਨਾ ਦੇਵੀ ਬੈਂਸ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੋਵਾਲ, ਸਵਰਨ ਸਿੰਘ ਲੋਧੀਪੁਰ, ਸਰਪੰਚ ਕ੍ਰਿਸ਼ਨਾ ਦੇਵੀ ਸ਼ਮਲਾਹ, ਸਾਬਕਾ ਸਰਪੰਚ ਸੁੱਚਾ ਸਿੰਘ, ਚੋਧਰੀ ਪਹੂਲਾਲ, ਸਰਪੰਚ ਬਲਵੀਰ ਸਿੰਘ ਬੱਡਲ, ਸਾਬਕਾ ਸਰਪੰਚ ਬੁੱਧਰਾਮ ਤੇ ਨਰਿੰਦਰ ਸਿੰਘ, ਮਾਘੀ ਰਾਮ ਡਾਲੋਵਾਲ, ਗਿਆਨ ਚੰਦ, ਭਜਨ ਲਾਲ ਪਹਾੜਪੁਰ, ਸਵਰਨ ਸਿੰਘ ਸਕੱਤਰ, ਰਤਨ ਚੰਦ, ਰਾਮ ਸਰੂਪ,ਲਾਲ ਸਿੰਘ, ਕੁਲਦੀਪ ਚੰਦ, ਬਲਜਿੰਦਰ ਸਿੰਘ ਜਗੀਰਦਾਰ, ਰਾਮਪਾਲ, ਆਦਿ ਹਾਜ਼ਰ ਸਨ।