ਸਪੀਕਰ ਰਾਣਾ ਕੇ.ਪੀ ਸਿੰਘ ਨੇ ਦੂਜੇ ਦਿਨ ਵੀ ਮੁਫਤ ਮਾਸਕ ਵੰਡਣ ਦੀ ਮੁਹਿੰਮ ਨੂੰ ਰੱਖਿਆ ਜਾਰੀ
*ਸ੍ਰੀ ਅਨੰਦਪੁਰ ਸਾਹਿਬ/ਨੰਗਲ ਮੁੱਖ ਮਾਰਗ ਤੇ ਰਾਹਗੀਰਾ ਨੂੰ ਮਾਸਕ ਵੰਡ ਕੇ ਕੀਤਾ ਜਾਗਰੂਕ
ਸ੍ਰੀ ਅਨੰਦਪੁਰ ਸਾਹਿਬ / 15 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਸਪੀਕਰ ਰਾਣਾ ਕੇ.ਪੀ ਸਿੰਘ ਨੇ ਆਮ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕਰਦੇ ਹੋਏ ਅੱਜ ਦੂਜੇ ਦਿਨ ਵੀ ਮੁਫਤ ਮਾਸਕ ਵੰਡਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਅਤੇ ਸ੍ਰੀ ਅਨੰਦਪੁਰ ਸਾਹਿਬ/ਨੰਗਲ ਮੁੱਖ ਮਾਰਗ ਤੇ ਰਾਹਗੀਰਾਂ ਨੂੰ ਮੁਫਤ ਮਾਸਕ ਵੰਡ ਕੇ ਮਾਸਕ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਇਸ ਮੋਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਭਾਂਵੇ ਅਸੀ ਹਰ ਇੱਕ ਨਾਗਰਿਕ ਤੱਕ ਮਾਸਕ ਨਹੀ ਪਹੁੰਚਾ ਸਕਦੇ ਪ੍ਰੰਤੂ ਸਾਡਾ ਉਪਰਾਲਾ ਹਰ ਨਾਗਰਿਕ ਤੱਕ ਇਹ ਜਾਗਰੂਕਤਾ ਲਿਆਉਣਾ ਹੈ ਕਿ ਸਮਾਜਿਕ ਵਿੱਥ ਰੱਖਣ ਅਤੇ ਮਾਸਕ ਪਾਉਣ ਨਾਲ ਹੀ ਕਰੋਨਾ ਮਹਾਂਮਾਰੀ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵਰਕਰ ਅੱਜ ਸਮਾਜਸੇਵੀ ਸੰਗਠਨਾ ਨਾਲ ਰਲ ਕੇ ਰੋਜ਼ਾਨਾ ਹਜ਼ਾਰਾ ਮਾਸਕ ਵੰਡ ਰਹੇ ਹਨ। ਇਹ ਮੁਹਿੰਮ ਇੱਕ ਹਫਤੇ ਲਈ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿਚ ਸੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹ ਪਰਿਆਸ ਹੈ ਕਿ ਜਿੱਥੋ ਤੱਕ ਸੰਭਵ ਹੋਵੇ ਹਰ ਵਿਅਕਤੀ ਮਾਸਕ ਪਾ ਕੇ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਸਮਾਜ ਨੁੰ ਸੁਰੱਖਿਅਤ ਬਣਾਉਣ ਲਈ ਆਪਣਾ ਯੋਗਦਾਨ ਪਾਵੇ। ਉਨ੍ਹਾਂ ਕਿਹਾ ਕਿ ਮੋਜੂਦਾ ਹਾਲਾਤ ਵਿਚ ਜਦੋ ਸੰਸਾਰ ਭਰ ਵਿਚ ਕਰੋਨਾ ਮਹਾਂਮਾਰੀ ਨੇ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ। ਸਾਡਾ ਦੇਸ਼ ਅਤੇ ਸੂਬਾ ਭਿਆਨਕ ਦੋਰ ਵਿਚੋ ਲੰਘ ਰਿਹਾ ਹੈ। ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਸਰਕਾਰ, ਪ੍ਰਸਾਸ਼ਨ, ਸਿਹਤ ਵਿਭਾਗ ਪੂਰੀ ਤਨਦੇਹੀ ਨਾਲ ਲੋਕਾਂ ਨੂੰ ਕਰੋਨਾ ਤੋ ਬਚਾ ਕੇ ਮਿਸ਼ਨ ਫਤਿਹ ਨੂੰ ਸਫਲ ਬਣਾਉਣ ਵਿਚ ਲੱਗੇ ਹੋਏ ਹਨ। ਅਜਿਹੇ ਮੋਕੇ ਸਾਡਾ ਫਰਜ਼ ਕਿ ਅਸੀ ਉਨ੍ਹਾਂ ਸਾਰੇ ਕਰੋਨਾ ਯੋਧਿਆ, ਸਰਕਾਰ, ਪ੍ਰਸਾਸ਼ਨ ਨੂੰ ਸਹਿਯੋਗ ਦੇਈਏ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ, ਮੈਡੀਕਲ ਸਟਾਫ, ਸਫਾਈ ਕਰਮਚਾਰੀ, ਸਮਾਜ ਸੇਵੀ ਸੰਗਠਨ ਅਤੇ ਆਮ ਲੋਕ ਜਿਸ ਤਰਾਂ ਕਰੋਨਾ ਵਿਰੁੱਧ ਲੜਾਈ ਲੜ ਰਹੇ ਹਨ, ਉਸ ਨੇ ਇਹ ਸਾਬਿਤ ਕੀਤਾ ਹੈ ਕਿ ਸਾਡੇ ਸਮਾਜ ਵਿਚ ਏਕਤਾ ਅਤੇ ਭਾਈਚਾਰਕ ਸਾਂਝ ਹੋਰ ਮਜਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੋਜੂਦਾ ਹਾਲਾਤ ਵਿਚ ਸਿਆਸੀ ਦਲਾਂ ਦੇ ਆਗੂ, ਲੋਕਾਂ ਦੀ ਸੇਵਾ ਕਰਨ ਵਾਲੇ ਸੰਗਠਨ, ਧਾਰਮਿਕ ਜਥੇਬੰਦੀਆਂ, ਆਪਣੇ ਘਰਾਂ ਤੋ ਬਾਹਰ ਆ ਕੇ ਲੋੜਵੰਦ ਲੋਕਾਂ ਦੀ ਸੇਵਾ ਵਿਚ ਜੁਟ ਜਾਣ ਅਤੇ ਕਰੋਨਾ ਨੂੰ ਹਰਾ ਕੇ ਅਸੀ ਚੈਕੋਸਲਵਾਕੀਆਂ ਦੇਸ਼ ਦੀ ਤਰਾਂ ਇੱਕ ਮਿਸਾਲ ਕਾਇਮ ਕਰੀਏ। ਉਨ੍ਹਾਂ ਕਿਹਾ ਕਿ ਮਾਸਕ ਵੰਡਣ ਦੀ ਇਹ ਮੁਹਿੰਮ ਅਗਲੇ ਦਿਨਾਂ ਵਿਚ ਵੀ ਜਾਰੀ ਰਹੇਗੀ ਅਤੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋ ਬਚਣ ਲਈ ਕੋਵਿਡ ਦੀਆਂ ਸਾਵਧਾਨੀਆ ਅਪਨਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੋਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਮੇਸ ਚੰਦਰ ਦਸਗਰਾਈ, ਬਲਾਕ ਸੰਮਤੀ ਦੀ ਚੇਅਰਮੈਨ ਫਰੀਦਾ ਬੇਗਮ, ਮੈਬਰ ਮਨਪ੍ਰੀਤ ਸਿੰਘ, ਸਰਪੰਚ ਰਜਿੰਦਰ ਸਿੰਘ ਢੇਰ ਆਦਿ ਹਾਜ਼ਰ ਸਨ।