ਗੁਰੂ ਨਾਨਕ ਦੇਵ ਹਸਪਤਾਲ ਵਿਚ ਆਕਸੀਜਨ ਦੀ ਕੋਈ ਕਮੀ ਨਹੀਂ- ਹਿਮਾਸ਼ੂੰ ਅਗਰਵਾਲ
*ਸਪਲਾਈ ਸੈਂਟਰ ਵੀ ਕੀਤਾ ਚੈਕ, ਸਪਲਾਈ ਠੇਕੇਦਾਰ ਨਾਲ ਵੀ ਕੀਤੀ ਮੀਟਿੰਗ
ਅੰਮ੍ਰਿਤਸਰ / 11 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਕੋਰੋਨਾ ਸਬੰਧੀ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਨੋਡਲ ਅਧਿਕਾਰੀ ਡਾ. ਹਿਮਾਸ਼ੂੰ ਅਗਰਵਾਲ, ਜੋ ਕਿ ਅੰਮ੍ਰਿਤਸਰ ਦੇ ਵਧੀਕ ਡਿਪਟੀ ਕਮਿਸ਼ਨਰ ਵੀ ਹਨ, ਨੇ ਅੱਜ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਮਰੀਜਾਂ ਲਈ ਆ ਰਹੀ ਆਕਸੀਜਨ ਸਪਲਾਈ ਦੀ ਜਾਂਚ ਕੀਤੀ। ਉਨਾਂ ਇਸ ਦੌਰਾਨ ਆਕਸੀਜਨ ਸਪਲਾਈ ਕਰਨ ਵਾਲੇ ਠੇਕੇਦਾਰ ਨਾਲ ਵੀ ਗੱਲਬਾਤ ਕੀਤੀ ਅਤੇ ਉਸ ਕੋਲੋਂ ਸਪਲਾਈ ਚੇਨ ਬਾਰੇ ਵਿਸਥਾਰ ਵਿਚ ਜਾਣਕਾਰੀ ਲਈ। ਇਸ ਮੌਕੇ ਉਨਾਂ ਨਾਲ ਪ੍ਰਿੰਸੀਪਲ ਸ੍ਰੀ ਰਾਜੀਵ ਦੇਵਗਨ ਅਤੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਵੀ ਨਾਲ ਸਨ।
ਉਨਾਂ ਸਪੱਸ਼ਟ ਕੀਤਾ ਕਿ ਹਸਪਤਾਲ ਵਿਚ ਮਰੀਜਾਂ ਲਈ ਵਰਤਿਆ ਜਾਣ ਵਾਲਾ ਹਰੇਕ ਸਿਲੰਡਰ ਦੀ ਜਾਂਚ ਹੋਵੇਗੀ ਅਤੇ ਸਪਲਾਈ ਕਮਰਾ ਸੀ ਸੀ ਟੀ ਵੀ ਦੀ ਨਿਗਰਾਨੀ ਹੇਠ ਰਹੇਗਾ, ਤਾਂ ਜੋ ਹਸਪਤਾਲ ਵਿਚ ਆਕਸੀਜਨ ਦੀ ਸਪਲਾਈ ਨੂੰ ਲੈ ਕੇ ਕੋਈ ਮੁੱਦਾ ਹੀ ਨਾ ਰਹੇ। ਉਨਾਂ ਕਿਹਾ ਕਿ ਸਾਡੀ ਸਾਰਾ ਜ਼ੋਰ ਕੋਰੋਨਾ ਉਤੇ ਜਿੱਤ ਪ੍ਰਾਪਤ ਕਰਨ ਵਿਚ ਲੱਗਾ ਹੋਇਆ ਹੈ ਅਤੇ ਹਸਪਤਾਲ ਇਸ ਵਿਚ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਉਨਾਂ ਕਿਹਾ ਕਿ ਸਾਡੇ ਕੋਰੋਨਾ ਯੋਧੇ ਡਾਕਟਰ ਅਤੇ ਡਾਕਟਰੀ ਖੇਤਰ ਵਿਚ ਕੰਮ ਕਰ ਰਿਹਾ ਸਾਰਾ ਅਮਲਾ ਮਰੀਜਾਂ ਦੀ ਦੇਖਰੇਖ ਕਰ ਰਿਹਾ ਹੈ, ਸੋ ਸਾਡੀ ਕੋਸ਼ਿਸ਼ ਹੈ ਕਿ ਇੰਨਾਂ ਨੂੰ ਕਿਸੇ ਵੀ ਤਰਾਂ ਦੀ ਕਮੀ ਨਾ ਆਉਣ ਦਿੱਤੀ ਜਾਵੇ। ਉਨਾਂ ਕਿਹਾ ਕਿ ਆਕਸੀਜਨ ਦੀ ਸਪਲਾਈ ਵਿਚ ਕੋਈ ਕਮੀ ਨਹੀਂ ਹੈ ਅਤੇ ਨਾ ਹੀ ਭਵਿੱਖ ਵਿਚ ਆਵੇਗੀ।