December 27, 2024

ਸ਼ਰਾਰਤੀ ਅਤੇ ਗੈਰਸਮਾਜੀ ਅੰਸਰ ਕਰੋਨਾ ਟੈਸਟਿੰਗ ਬਾਰੇ ਅਫਵਾਹਾ ਫੈਲਾ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ- ਡਿਪਟੀ ਕਮਿਸ਼ਨਰ ਸੋਨਾਲੀ ਗਿਰਿ

0

ਸ੍ਰੀ ਅਨੰਦਪੁਰ ਸਾਹਿਬ / 11 ਸਤੰਬਰ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਆਈ ਏ ਐਸ ਨੇ ਕਿਹਾ ਹੈ ਕਿ ਸ਼ਰਾਰਤੀ ਅਤੇ ਗੈਰਸਮਾਜੀ ਅੰਸਰ ਕਰੋਨਾ ਟੈਸਟਿੰਗ ਬਾਰੇ ਅਫਵਾਹਾ ਫੈਲਾ ਕੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ, ਉਹਨਾਂ ਵਿਰੁਧ ਪੰਜਾਬ ਸਰਕਾਰ ਨੇ ਹੁਣ ਕਰੜੀ ਸਖਤ ਕਾਰਵਾਈ  ਕਰਨ ਦਾ ਫੈਸਲਾ ਕੀਤਾ ਹੈ। ਅਜਿਹਾ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਆਪਣੇ ਹਫਤਾਵਾਰੀ ਫੇਸ ਬੁਕ ਲਾਈਵ ਪ੍ਰੋਗਰਾਮ ਅਤੇ ਬੀਤੇ ਦਿਨ ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਦੋਰੇ ਦੋਰਾਨ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਦੀਆਂ ਸਾਵਧਾਨੀਆਂ ਜਿਵੇਂ ਕਿ ਮਾਸਕ ਪਾਉਣਾ, ਵਾਰ ਵਾਰ ਹੱਥ ਧੋਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਜਾਗਰੂਕ ਹੋਣ। ਉਹਨਾਂ ਕਿਹਾ ਕਿ ਕਰੋਨਾ ਦਾ ਵੱਧ ਤੋਂ ਵੱਧ ਟੈਸਟਿੰਗ ਕਰਵਾਇਆ ਜਾਵੇ ਅਤੇ ਸਰਕਾਰ ਦੀਆਂ ਨਵੀਆਂ ਹਦਾਇਤਾਂ ਅਨੁਸਾਰ ਜੇਕਰ ਤੁਸੀਂ ਪੋਜਟਿਵ ਆਉਦੇ ਹੋ ਤਾਂ ਤੁਹਾਨੂੰ ਆਪਣੇ ਘਰ ਵਿੱਚ ਕਮਫਰਟ ਜੋਨ ਵਿੱਚ ਆਈਸੋਲੇਟ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਾਡੇ ਕਾਲ ਸੈਂਟਰ ਵਿੱਚ ਤੈਨਾਤ ਕਰਮਚਾਰੀ, ਡਾਕਟਰ ਅਤੇ ਮੈਡੀਕਲ ਸਟਾਫ ਦਿਨ ਵਿੱਚ ਘੱਟੋ ਘੱਟ ਤਿੰਨ ਵਾਰ ਘਰ ਵਿੱਚ ਆਈਸੋਲੇਟ ਹੋਏ ਕਰੋਨਾ ਪੋਜਟਿਵ ਮਰੀਜਾਂ ਨੂੰ ਮੋਨੀਟਰ ਕਰਦਾ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਤੇ ਗੈਰਸਮਾਜੀ ਅੰਸਰ ਲੋਕਾਂ ਨੂੰ ਝੂਠੀਆ ਅਫਵਾਹਾਂ ਫੈਲਾ ਕੇ ਗੁੰਮਰਾਹ ਕਰ ਰਹੇ ਹਨ ਜਿਸ ਕਾਰਨ ਭੋਲੇ ਭਾਲੇ ਲੋਕ  ਕਰੋਨਾ ਟੈਸਟਿੰਗ ਲਈ ਅੱਗੇ ਨਹੀਂ ਆ ਰਹੇ ਅਤੇ ਜਦੋਂ ਸਿਹਤ ਜਿਆਦਾ ਖਰਾਬ ਹੋ ਜਾਂਦੀ ਹੈ ਤਾਂ ਡਾਕਟਰਾਂ ਨੂੰ ਵੀ ਉਹਨਾਂ ਦੇ ਇਲਾਜ ਵਿੱਚ ਮੁਸ਼ਕਿਲ ਆਉਦੀ ਹੇ। ਉਹਨਾਂ ਕਿਹਾ ਕਿ ਕਰੋਨਾ ਮਰੀਜ਼ਾਂ ਦੇ ਅੰਗ ਕੱਢਣ ਬਾਰੇ ਫੈਲਾਈਆ ਜਾ ਰਹੀਆਂ ਅਫਵਾਹਾਂ ਬਿਲਕੁੱਲ ਝੂਠ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਕਰੋਨਾ ਸੰਕਰਮਣ ਮਰੀਜ ਦੇ ਨੇੜੇ ਆਉਣ ਤੇ ਵੀ ਮਨਾਹੀ ਹੈ ਤਾਂ ਉਸਦੇ ਅੰਗ ਕਿਸੇ ਦੇ ਕੰਮ ਆਉਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵਧ ਟੈਸਟਿੰਗ ਕਰਵਾ ਕੇ ਆਪਣੇ ਪਰਿਵਾਰ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਜਿਲੇ ਦੇ ਵੱਡੀ ਗਿਣਤੀ ਕਰੋਨਾ ਪੋਜਟਿਵ ਮਰੀਜ ਇਸ ਮਹਾਂਮਾਰੀ ਨੂੰ ਹਰਾ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ ਅਤੇ ਜਿਹੜੇ ਹੋਰ ਮਰੀਜ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ ਜਾਂ ਘਰਾਂ ਵਿਚ ਆਈਸੋਲੇਟ ਜਾਂ ਇਕਾਂਤਵਾਸ ਹਨ ਉਹ ਵੀ ਜਲਦੀ ਤੰਦਰੁਸਤ ਹੋ ਕੇ ਆਮ ਵਰਗਾਂ ਜੀਵਨ ਬਤੀਤ ਕਰਨਾ ਸੁਰੂ ਕਰ ਦੇਣਗੇ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਸਾਹਮਣੇ ਆ ਕੇ ਆਪਣੀ ਟੈਸਟਿੰਗ ਕਰਵਾਓ। ਉਹਨਾਂ ਕਿਹਾ ਕਿ ਜਿਹੜੇ ਲੋਕ ਕਿਸੇ ਹੋਰ ਬੀਮਾਰੀ ਨਾਲ ਸੰਕਰਮਣ ਹਨ ਜਾਂ ਉਹਨਾਂ ਨੂੰ ਹਾਈ ਬਲੱਡ ਪ੍ਰੈਸਰ, ਦਿੱਲ, ਕਿਡਨੀ, ਲੀਵਰ ਆਦਿ ਦੀ ਕੋਈ ਬੀਮਾਰੀ ਹੈ ਤਾਂ ਉਹ ਟੈਸਟਿੰਗ ਉਪਰੰਤ ਆਪਣੇ ਆਪ ਨੂੰ ਯਕੀਨੀ ਤੋਰ ਤੇ ਸੁਰੱਖਿਅਤ ਕਰਨ ਕਿਉਂਕਿ ਸਮਾਂ ਰਹਿੰਦੇ ਹੀ ਇਸ ਕਰੋਨਾ ਬਾਰੇ ਪਤਾ ਲੱਗਣ ਤੇ ਅਸਾਨੀ ਨਾਲ ਇਸ ਤੋਂ ਬਚਾਅ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਕੀਤੀ ਅਪੀਲ ਨੂੰ ਸਮਾਜ ਸੇਵੀ ਸੰਗਠਨ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਅਤੇ ਲੋਕਾਂ ਵਿੱਚ ਅਫਵਾਹਾਂ ਅਤੇ ਝੂਠੇ ਪ੍ਰਚਾਰ ਨਾਲ ਪੈਦਾ ਹੋਏ ਭਰਮ ਭੁਲੇਖੇ ਦੂਰ ਕੀਤੇ ਜਾਣ।  

ਉਹਨਾਂ ਕਿਹਾ ਕਿ ਕੰਟੇਨਮੈਂਟ  ਜੋਨ ਵਿੱਚ 100 ਪ੍ਰਤੀਸ਼ਤ ਟੈਸਟਿੰਗ ਨੂੰ ਕਰਵਾਉਣ ਦੇ ਨਿਰਦੇਸ਼ ਹਨ ਇਸ ਲਈ ਇਸ ਜੋਨ ਵਿੱਚ ਰਹਿ ਰਹੇ ਲੋਕ ਜਲਦੀ ਤੋਂ ਜਲਦੀ ਆਪਣੀ ਟੈਸਟਿੰਗ ਕਰਵਾਉਣ ਤਾਂ ਜੋ ਮੁੜ ਇਹਨਾਂ ਖੇਤਰਾਂ ਦੇ ਲੋਕ ਆਮ ਵਰਗਾ ਜੀਵਨ ਬਤੀਤ ਕਰਨ ਦੀ ਸੁਰੂਆਤ ਕਰਨ। ਉਹਨਾਂ ਨੇ ਇਸ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ।  

Leave a Reply

Your email address will not be published. Required fields are marked *