ਸ਼ਬਦ ਗਾਇਨ ਮੁਕਾਬਲਾ ਖਾਲਸਾ ਕਾਲਜ ਦੇ ਬੱਚਿਆਂ ਨੇ ਜਿੱਤਿਆ
*ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ-ਲਾਇਨ ਮੁਕਾਬਲਾ
ਅੰਮ੍ਰਿਤਸਰ / 10 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਕਾਲਜ ਸਬਦ ਗਾਇਨ ਮੁਕਾਬਲਾ ਸਰੂਪ ਰਾਣੀ ਸਰਕਾਰੀ ਕਾਲਜ ਅੰਮ੍ਰਿਤਸਰ ਵੱਲੋਂ ਕਰਵਾਇਆ ਗਿਆ। ਆਨ ਲਾਇਨ ਕਰਵਾਏ ਗਏ ਇਸ ਮੁਕਾਬਲੇ ਵਿਚ ਰਾਜ ਭਰ ਤੋਂ ਵੱਖ-ਵੱਖ ਕਾਲਜਾਂ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਕਾਰਜਕਾਰੀ ਪ੍ਰਿੰਸੀਪਲ ਡਾ. ਐਚ. ਐਸ. ਭੱਲਾ ਨੇ ਦੱਸਿਆ ਕਿ ਸ੍ਰੀਮਤੀ ਸ਼ਰਮਿੰਦਰ ਕੌਰ ਅਤੇ ਸ੍ਰੀਮਤੀ ਵੀਨਸ (ਸੰਗੀਤ ਵਿਭਾਗ) ਦੀ ਦੇਖ-ਰੇਖ ਹੇਠ ਐਲਾਨੇ ਗਏ ਇਸ ਨਤੀਜੇ ਵਿਚ ਖਾਲਸਾ ਕਾਲਜ ਫਾਰ ਵੋਮੈਨ ਦੀ ਵਿਦਿਆਰਥਣ ਮਨਪ੍ਰੀਤ ਕੌਰ ਅਤੇ ਖਾਲਸਾ ਕਾਲਜ ਦੇ ਵਿਦਿਆਰਥੀ ਪ੍ਰਦੀਪ ਸਿੰਘ ਨੂੰ ਸਾਂਝੇ ਤੌਰ ਉਤੇ ਪਹਿਲਾ ਸਥਾਨ ਦਿੱਤਾ ਗਿਆ। ਉਨਾਂ ਦੱਸਿਆ ਕਿ ਇਸੇ ਤਰਾਂ ਦੂਸਰਾ ਇਨਾਮ ਰਵਲੀਨ ਕੌਰ ਸਰਕਾਰੀ ਵੋਮੈਨ ਕਾਲਜ ਲੁਧਿਆਣਾ ਤੇ ਤੀਸਰਾ ਇਨਾਮ ਸਰੂਪ ਰਾਣੀ ਕਾਲਜ ਦੀ ਵਿਦਿਆਰਥਣ ਕੁਲਬੀਰ ਕੌਰ ਅਤੇ ਪ੍ਰਨੀਤ ਕੌਰ ਨੇ ਜਿੱਤਿਆ। ਮੁਕਾਬਲੇ ਦੇ ਵਿਸ਼ੇਸ਼ ਇਨਾਮ ਗੋਪੀ ਚੰਦ ਆਰਿਆ ਕਾਲਜ ਅਬੋਹਰ ਹੀ ਵਿਦਿਆਰਥਣ ਮਨਪ੍ਰੀਤ ਕੌਰ ਅਤੇ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀ ਜਗਦੀਪ ਸਿੰਘ ਨੂੰ ਦਿੱਤਾ ਗਿਆ।
ਉਨਾਂ ਦੱਸਿਆ ਕਿ ਕਾਲਜ ਪੱਧਰ ਦੇ ਇਸ ਮੁਕਾਬਲੇ ਵਿਚ ਸ਼ਬਦ ਗਾਇਨ ਲਈ ਬੱਚਿਆਂ ਵਿਚ ਉਤਸ਼ਾਹ ਵੇਖ ਕੇ ਬੱਚਿਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਜਾ ਸਕਦੀ ਹੈ। ਉਨਾਂ ਮੁਕਾਬਲੇ ਨੂੰ ਕਰਵਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਉਣ ਲਈ ਡਾ. ਵੰਦਨਾ ਬਜਾਜ ਅਤੇ ਸ੍ਰੀਮਤੀ ਮਨਜੀਤ ਕੌਰ ਮਿਨਹਾਸ ਦਾ ਧੰਨਵਾਦ ਵੀ ਕੀਤਾ।