ਫੇਸਬੁੱਕ ਲਾਈਵ: ਸੇਵਾ ਕੇਂਦਰਾਂ, ਬੈਂਕਾਂ, ਫੈਕਟਰੀਆਂ ਦੇ ਬਾਹਰ ਕੋਵਿਡ ਸੈਂਪਲਿੰਗ ਸ਼ੁਰੂ: ਅਪਨੀਤ ਰਿਆਤ
*ਜ਼ਿਲ੍ਹੇ ’ਚ ਰੋਜ਼ਾਨਾ ਸੈਂਪਲਿੰਗ ਵਧਾ ਕੇ 1700 ਕੀਤੀ **10 ਮਾਈ-ਕ੍ਰੋ ਅਤੇ 2 ਮੈਕਰੋ ਕੰਟੇਨਮੈਂਟ ਜ਼ੋਨ, 6 ਮੋਬਾਇਲ ਟੈਸਟਿੰਗ ਯੂਨਿਟ ਵੀ ਲੈ ਰਹੇ ਨੇ ਕੋਵਿਡ ਦੇ ਸੈਂਪਲ **ਕਰਫਿਊ ਵਾਲੇ ਖੇਤਰਾਂ ਦੀ ਹੱਦ ਅੰਦਰ ਰਾਤ 9:30 ਵਜੇ ਤੋਂ ਬਾਅਦ ਕੋਈ ਵੀ ਇਕੱਠ ਦੀ ਆਗਿਆ ਨਹੀਂ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ’ਚ ਦਸਤਾਵੇਜਾਂ ਦੀ ਹੋਮ ਡਿਲੀਵਰੀ ਦੀ ਸ਼ੁਰੂਆਤ
ਹੁਸ਼ਿਆਰਪੁਰ / 9 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਧ ਰਹੇ ਕੋਵਿਡ ਕੇਸਾਂ ਦੇ ਮਾਮਲਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਦੇ ਰੋਜ਼ਾਨਾ ਲਏ ਜਾ ਰਹੇ ਸੈਂਪਲਾਂ ਦੀ ਗਿਣਤੀ ਵਧਾ ਕੇ 1700 ਕਰ ਦਿੱਤੀ ਹੈ ਅਤੇ ਹੁਣ ਇਹ ਸੈਂਪਲ ਸੇਵਾ ਕੇਂਦਰਾਂ, ਬੈਂਕਾਂ ਅਤੇ ਫੈਕਟਰੀਆਂ ਆਦਿ ਦੇ ਬਾਹਰ ਵੀ ਲਏ ਜਾ ਰਹੇ ਹਨ ਤਾਂ ਜੋ ਕੋਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ।
ਅੱਜ ਇਥੇ ਆਪਣੇ ਹਫ਼ਤਾਵਰੀ ਫੇਸਬੁੱਕ ਲਾਈਵ ਦੌਰਾਨ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 6 ਮੋਬਾਇਲ ਵੈਨਾਂ ਰਾਹੀਂ ਵੱਖ-ਵੱਖ ਥਾਵਾਂ ’ਤੇ ਕੋਵਿਡ ਸੈਂਪਲਿੰਗ ਕੀਤੀ ਜਾ ਰਹੀ ਅਤੇ ਮੌਜੂਦਾ ਸਮੇਂ ਵਿੱਚ ਜ਼ਿਲ੍ਹੇ ਅੰਦਰ 10 ਮਾਈ¬ਕ੍ਰੋ ਅਤੇ 2 ਮੈਕਰੋ ਕੰਟੇਨਮੈਂਟ ਜ਼ੋਨ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪ ਮੁਹਾਰੇ ਸਰਕਾਰੀ ਹਸਪਤਾਲਾਂ ਜਾਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਫੀਲਡ ਵਿੱਚ ਲਏ ਜਾ ਰਹੇ ਸੈਂਪਲਾਂ ਲਈ ਅੱਗੇ ਆਉਣ ਤਾਂ ਜੋ ਜਲਦ ਤੋਂ ਜਲਦ ਕੋਰੋਨਾ ਦਾ ਵੱਧ ਰਿਹਾ ਪ੍ਰਭਾਵ ਰੋਕਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 70542 ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋ 66417 ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 2338 ਪਾਜ਼ੀਟਿਵ ਮਰੀਜ਼ਾਂ ਵਿੱਚੋਂ 717 ਐਕਟਿਵ ਕੇਸ ਹਨ ਅਤੇ ਹੁਣ ਤੱਕ 1551 ਮਰੀਜ ਤੰਦਰੁਸਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਨਾਲ 70 ਮੌਤਾਂ ਹੋ ਚੁੱਕੀਆਂ ਹਨ।
ਲੋਕਾਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਤਕ ਹਿੱਤਾਂ ਦੇ ਮੱਦੇਨਜ਼ਰ ਸਾਰਿਆਂ ਨੂੰ ਸਿਹਤ ਸਲਾਹਕਾਰੀਆਂ ਖਾਸਕਰ ਮਾਸਕ ਪਹਿਨਣਾ ਅਤੇ ਇਕ ਦੂਜੇ ਤੋਂ ਬਣਦੀ ਦੂਰੀ ਬਰਕਰਾਰ ਰੱਖਣਾ ਬਹੁਤ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੇਵਾ ਕੇਂਦਰਾਂ ਵਿੱਚ ਨਾਗਰਿਕ ਸੇਵਾਵਾਂ ਲਈ ਵੱਧ ਰਹੀ ਭੀੜ ਦੇ ਮੱਦੇਨਜ਼ਰ ਦਸਤਾਵੇਜਾਂ ਦੀ ਹੋਮ ਡਿਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਬਿਨੈਕਾਰ ਲੋੜੀਂਦੀ ਫੀਸ ਦੇ ਕੇ ਆਪਣਾ ਦਸਤਾਵੇਜ ਘਰ ਬੈਠੇ ਹੀ ਪ੍ਰਾਪਤ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਸੇਵਾ ਕੇਂਦਰਾਂ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਗਿਆ ਹੈ।
ਰਾਤ ਸਮੇਂ ਵਿਆਹ ਸਮਾਗਮ ਕਰਨ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਤ ਦੇ ਕਰਫਿਊ ਦੀ ਹਦੂਦ ਵਾਲੇ ਖੇਤਰਾਂ ਵਿੱਚ ਰਾਤ ਨੂੰ 9:30 ਵਜੇ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਇਕੱਤਰਤਾ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰਫਿਊ ਦੀ ਹੱਦ ਤੋਂ ਬਾਹਰ ਵਾਲੇ ਖੇਤਰਾਂ ਵਿੱਚ 30 ਵਿਅਕਤੀਆਂ ਦੀ ਇਕੱਤਰਤਾ ਅਤੇ ਸਿਹਤ ਸਲਾਹਕਾਰੀਆਂ ਦੀ ਪਾਲਣਾ ਅਨੁਸਾਰ ਪ੍ਰੋਗਰਾਮ ਕੀਤਾ ਜਾ ਸਕਦਾ ਹੈ।