ਵਿੱਦਿਅਕ ਸੰਗੀਤ-ਸਾਜ ਮੁਕਾਬਲੇ ਵਿਚ ਜਿਲੇ ਦੇ ਕੁਲ 173 ਵਿਦਿਆਰਥੀਆਂ ਨੇ ਸਾਜਾਂ ਨਾਲ ਪ੍ਰਕਟਾਏ ਗੁਰੂ ਜੀ ਦੇ ਪ੍ਰਤੀ ਸੱਚੇ ਮਨੋਭਾਵ
ਅੰਮ੍ਰਿਤਸਰ 7 ਸਤੰਬਰ (ਨਿਊ ਸੁਪਰ ਭਾਰਤ ਨਿਊਜ਼ )–
ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਪੰਜਵੀਂ ਪ੍ਰਤੀਯੋਗਤਾ ਸਮਾਪਤ ਹੋ ਗਈ ਹੈ।
ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨਾਂ ਮੁਕਾਬਲਿਆਂ ਦੇ ਹੁਣ ਤੱਕ ਸ਼ਬਦ ਗਾਇਨ, ਗੀਤ ਗਾਇਨ, ਕਵਿਤਾ ਉਚਾਰਨ ਤੇ ਭਾਸ਼ਨ ਮੁਕਾਬਲੇ ਹੋ ਚੁੱਕੇ ਹਨ ਜਿੰਨਾਂ ਵਿੱਚ ਅੰਮ੍ਰਿਤਸਰ ਜਿਲੇ ਦੇ ਰਾਜ ਭਰ ‘ਚੋਂ ਸਭ ਤੋਂ ਵੱਡੀ ਗਿਣਤੀ ‘ਚ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਉਪਦੇਸ਼ਾਂ, ਕੁਰਬਾਨੀ ਤੇ ਉਸਤਤ ‘ਤੇ ਅਧਾਰਤ ਪੇਸ਼ਕਾਰੀਆਂ ਰਾਹੀਂ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਸ: ਸਤਿੰਦਰਬੀਰ ਸਿੰਘ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਕੱਲ ਰਾਤ ਸ੍ਰੀ ਗੁਰੂ ਤੇਗਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤਹਿਤ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਆਨ ਲਾਈਨ ਮੁਕਾਬਲਿਆਂ ਦੀ ਕੜੀ ਦਾ ਪੰਜਵਾਂ ਮੁਕਾਬਲਾ ਸਮਾਪਤ ਹੋ ਗਿਆ ਹੈ । ਇਸ ਮੁਕਾਬਲੇ ਵਿਚ ਪੂਰੇ ਰਾਜ ਦੇ 4837 ਪ੍ਰਤੀਯੋਗੀਆਂ ਨੇ ਹਿੱਸਾ ਲਿਆ ।
ਜਿਲਾ ਅੰਮ੍ਰਿਤਸਰ ਦੀ ਭਾਗੀਦਾਰੀ ਇਸ ਵਿਚ 173 ਰਹੀ ਹੈ । ਜਿਲਾ ਸਿੱਖਿਆ ਅਫ਼ਸਰ ਸ੍ਰ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰੋਗਰਾਮ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਅਤੇ ਸਮੂਚੀ ਟੀਮ ਬੜੀ ਮਿਹਨਤ ਨਾਲ ਇਹਨਾਂ ਪ੍ਰਤੀਯੋਗੀਤਾਵਾਂ ਨੂੰ ਨੇਪਰੇ ਚੜਾ ਰਹੀ ਹੈ । ਉਹਨਾਂ ਕਿਹਾ ਕਿ ਆਉਣ ਵਾਲੀਆਂ ਪ੍ਰਤੀਯੋਗੀਤਾਵਾਂ ਵਿਚ ਵੀ ਉਹਨਾਂ ਨਾਲ ਜੁੜੀ ਸਾਰੀ ਟੀਮ ਇਸੇ ਤਰਾਂ ਸੁਚਾਰੂ ਊਰਜਾ ਨਾਲ ਕੰਮ ਕਰਦੀ ਰਹੇਗੀ ।