ਕੂੜੇ ਦੇ ਸਹੀ ਢੰਗ ਨਾਲ ਨਿਪਟਾਰੇ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇਗਾ: ਬਲਬੀਰ ਰਾਜ ਸਿੰਘ
*ਹਰ ਘਰ, ਵਪਾਰਕ ਸੰਸਥਾ ਤੇ ਦਫ਼ਤਰ ਲਈ ਗਿੱਲੇ-ਸੁੱਕੇ ਕੂੜੇ ਲਈ ਦੋ ਵੱਖਰੇ ਡਸਟਬਿਨ ਜ਼ਰੂਰੀ **ਪੰਜਾਬ ਸੋਲਿਡ ਵੇਸਟ ਮੈਨੇਜਮੈਂਟ ਅਤੇ ਕਲੀਨੈੱਸ ਅਤੇ ਸੈਨੀਟੇਸ਼ਨ ਨਿਯਮ 2020 ਹੁਸ਼ਿਆਰਪੁਰ ’ਚ ਕੀਤੇ ਜਾਣਗੇ ਲਾਗੂ
ਹੁਸ਼ਿਆਰਪੁਰ / 2 ਸਤੰਬਰ / ਨਿਊ ਸੁਪਰ ਭਾਰਤ ਨਿਊਜ
ਨਗਰ ਨਿਗਮ ਹੁਸ਼ਿਆਰਪੁਰ ਵਲੋਂ ਪੰਜਾਬ ਸੋਲਿਡ ਵੇਸਟ ਮੈਨੇਜਮੈਂਟ ਅਤੇ ਕਲੀਨੈੱਸ ਅਤੇ ਸੈਨੀਟੇਸ਼ਨ ਨਿਯਮ 2020 ਨੂੰ ਅਸਰਦਾਰ ਢੰਗ ਨਾਲ ਮੁਕੰਮਲ ਤੌਰ ’ਤੇ ਲਾਗੂ ਕੀਤਾ ਜਾਵੇਗਾ।
ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਿਯਮ ਨਗਰ ਨਿਗਮ ਦੀ ਹੱਦ ਵਿੱਚ ਲਾਗੂ ਕੀਤੇ ਜਾਣੇ ਹਨ ਜਿਸ ਤਹਿਤ ਕੂੜੇ ਦੇ ਸਹੀ ਨਿਪਟਾਰੇ ਦੀ ਜ਼ਿੰਮੇਵਾਰੀ ਕੂੜਾ ਪੈਦਾ ਕਰਨ ਵਾਲਿਆਂ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵਲੋਂ ਸਿਰਫ ਕੂੜਾ ਇਕੱਠਾ ਅਤੇ ਪ੍ਰੋਸੈਸ ਕੀਤਾ ਜਾਵੇਗਾ ਅਤੇ ਜੋ ਵੀ ਵਿਅਕਤੀ/ਅਦਾਰਾ ਕੂੜੇ ਦਾ ਸਹੀ ਨਿਪਟਾਰਾ ਨਹੀਂ ਕਰੇਗਾ ਉਸ ਵਿਰੁੱਧ ਸੋਲਡ ਵੇਸਟ ਮੈਨੇਜਮੈਂਟ 2016 ਅਤੇ ਵਾਤਾਰਵਣ ਬਚਾਉਣ ਐਕਟ 1986 ਤਹਿਤ ਕਾਰਵਾਈ ਕੀਤੀ ਜਾਵੇਗੀ।
ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਕੂੜੇ ਦੇ ਨਿਪਟਾਰੇ ਲਈ ਹਰੇਕ ਘਰ/ਦੁਕਾਨ/ਹੋਟਲ/ਮੈਰਿਜ ਪੈਲੇਸ/ਢਾਬਾ/ਰੈਸਟੋਰੈਂਟ ਅਤੇ ਹੋਰ ਸਰਕਾਰੀ ਅਤੇ ਪ੍ਰਾਇਵੇਟ ਅਦਾਰਿਆਂ ਨੂੰ ਆਪਣੇ ਪੱਧਰ ’ਤੇ ਆਪਣੇ-ਆਪਣੇ ਅਦਾਰੇ ਵਿੱਚ 2 ਡਸਟਬਿਨ ਜਿਨ੍ਹਾਂ ਵਿੱਚ ਇੱਕ ਗਿੱਲੇ ਕੂੜੇ ਅਤੇ ਦੁਸਰਾ ਸੂੱਕੇ ਕੂੜੇ ਲਈ ਲਗਾ ਕੇ ਕੂੜਾ ਵੱਖ-ਵੱਖ ਕਰਕੇ ਸਫਾਈ ਕਰਮਚਾਰੀਆਂ ਨੂੰ ਦੇਣਾ ਪਵੇਗਾ।ਉਨ੍ਹਾਂ ਦੱਸਿਆ ਕਿ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 250 ਰੁਪਏ ਤੋਂ 5000 ਰੁਪਏ ਤੱਕ ਦਾ ਜ਼ੁਰਮਾਨਾਂ ਕੀਤਾ ਜਾ ਸਕਦਾ ਹੈ ਅਤੇ ਸੋਲਡ ਵੇਸਟ ਮੈਨੇਜਮੈਂਟ ਨਿਯਮ 2016 ਅਤੇ ਵਾਤਾਵਰਣ ਬਚਾਉਣ ਐਕਟ 1986 ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜ਼ੁਰਮਾਨਿਆਂ ਤੋਂ ਇਕੱਤਰ ਹੋਣ ਵਾਲੀ ਰਕਮ ਕੂੜੇ ਦੇ ਪ੍ਰਬੰਧਨ ਲਈ ਮਸ਼ੀਨਰੀ ਖਰੀਦਣ ’ਤੇ ਲਗਾਈ ਜਾਵੇਗੀ।
ਨਿਗਮ ਕਮਿਸ਼ਨਰ ਨੇ ਦੱਸਿਆ ਕਿ ਹਰ ਰਿਹਾਇਸ਼ੀ ਸੰਸਥਾ ਜਿਵੇਂ ਕਿ ਘਰ, ਕਲੋਨੀ, ਇਮਾਰਤ, ਬਹੁਮੰਜਿਲਾ ਇਮਾਰਤ, ਹੋਸਟਲ, ਝੁੱਗੀਆਂ, ਸਲੱਮ ਖੇਤਰ, ਸੋਸਾਇਟੀਆਂ ਦੇ ਮਾਲਕ, ਸਕੱਤਰ, ਮੈਨੇਜਰ ਆਦਿ ਵੇਸਟ ਜਨਰੇਟਰ ਦੀ ਕੈਟਾਗਿਰੀ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਹਰ ਵਪਾਰਕ ਸੰਸਥਾ ਜਿਵੇਂ ਕਿ ਹੋਟਲ, ਰੈਸਟੋਰੈਂਟ, ਸਕੈਨ ਸੈਂਟਰ, ਬੇਕਰੀ, ਕੰਟੀਨ, ਫੂਡ ਕੋਟ, ਖਾਣ-ਪੀਣ ਵਾਲੀਆਂ ਦੁਕਾਨਾਂ, ਦਫ਼ਤਰ ਸਰਕਾਰੀ ਤੇ ਪ੍ਰਾਈਵੇਟ, ਮੈਰਿਜ ਪੈਲੇਸ, ਹਾਲ, ਵਪਾਰ ਮੇਲੇ, ਕਮਿਊਨਿਟੀ ਹਾਲ, ਕਲੱਬ, ਸਰਕਸ ਤੇ ਪ੍ਰਦਰਸ਼ਨੀਆਂ ਲਾਉਣ ਵਾਲੇ ਮਾਸਕ, ਮੈਨੇਜਰ, ਪ੍ਰਬੰਧਕ ਆਦਿ ਵੀ ਵੇਸਟ ਜਨਰੇਟਰ ਦੀ ਕੈਟਾਗਿਰੀ ਵਿੱਚ ਆਉਂਦੇ ਹਨ।
ਉਨ੍ਹਾਂ ਦੱਸਿਆ ਕਿ ਸਬਜ਼ੀਆਂ, ਫਲ, ਫੁੱਲਾਂ ਦੀਆਂ ਦੁਕਾਨਾਂ, ਮੱਛੀ, ਮੀਟ ਤੇ ਅੰਡਿਆਂ ਦੀਆਂ ਦੁਕਾਨਾਂ ਅਤੇ ਇਨ੍ਹਾਂ ਦੀ ਬਿਕਰੀ ਕਰਨ ਲਈ ਜ਼ਿਨ੍ਹਾਂ ਵਲੋਂ ਨਗਰ ਨਿਗਮ ਤੋਂ ਟਰੇਡ ਲਾਇਸੈਂਸ ਲਿਆ ਗਿਆ ਹੈ ਵੀ ਵੇਸਟ ਜਨਰੇਟਰ ਦੀ ਕੈਟਾਗਿਰੀ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਘਰ ਜਾਂ ਸੰਸਥਾ ਵਿੱਚ ਕੋਈ ਵੀ ਨਿਰਮਾਣ ਜਾਂ ਭੰਨ-ਤੋੜ ਨਾਲ ਪੈਦਾ ਹੋਏ ਮਲਵੇ ਦੇ ਨਿਪਟਾਰੇ ਦੀ ਜ਼ਿੰਮੇਵਾਰੀ ਬਿਲਡਰ, ਮਾਲਕ, ਡਵੈਲਪਰ ਦੀ ਹੋਵੇਗੀ ਜਿਸ ਲਈ ਉਸਨੂੰ ਨਗਰ ਨਿਗਮ ਤੋਂ ਮਨਜੂਰੀ ਲੈਣਾ ਲਾਜ਼ਮੀ ਹੋਵੇਗਾ। ਸਿੱਖਿਆ ਸੰਸਥਾਵਾਂ ਜਿਵੇਂ ਕਿ ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ ਸਰਕਾਰੀ ਤੇ ਪ੍ਰਾਈਵੇਟ, ਇਤਿਹਾਸਕ ਇਮਾਰਤਾਂ, ਜਨਤਕ ਤੇ ਨਿੱਜੀ ਪਾਰਕਾਂ, ਧਾਰਮਿਕ ਸੰਸਥਾਵਾਂ, ਉਦਯੋਗਿਕ ਇਕਾਈਆਂ, ਘਰੇਲੂ ਉਦਯੋਗ, ਡੇਅਰੀ, ਪਸ਼ੂ ਸ਼ੈਡ, ਵਰਕਸ਼ਾਪ ਤੇ ਗੈਰਾਜ ਵੀ ਸਾਲਿਡ ਵੇਸਟ ਜਨਰੇਟਰ ਹੋਣਗੇ ਜਿਸ ਦੇ ਨਿਪਟਾਰੇ ਦੀ ਜ਼ਿੰਮੇਵਾਰੀ ਇਨ੍ਹਾਂ ਦੇ ਮਾਲਕਾਂ, ਪ੍ਰਬੰਧਕਾਂ ਅਤੇ ਕਮੇਟੀਆਂ ਦੀ ਹੋਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਲੋਕ ਅਤੇ ਸੰਸਥਾਵਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤਾਂ ਕੂੜੇ ਦੀ ਸਮੱਸਿਆ ਦਾ ਢੁਕਵਾਂ ਹੱਲ ਕੀਤਾ ਜਾ ਸਕਦਾ ਹੈ।