ਪਲਾਜ਼ਮਾ ਬੈਂਕ ਦੇਣ ਲੱਗਾ ਕੋਰੋਨਾ ਪੀੜਤਾਂ ਨੂੰ ਨਵੀਂ ਜਿੰਦਗੀ

ਠੀਕ ਹੋਏ ਮਰੀਜ਼ ਪਾਲਜ਼ਮਾ ਦਾਨ ਕਰਨ ਲਈ ਅੱਗੇ ਆਉਣ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 17 ਅਗਸਤ ( ਨਿਊ ਸੁਪਰ ਭਾਰਤ ਨਿਊਜ਼ )-

ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਮੈਡੀਕਲ ਕਾਲਜ ਵਿਚ ਕਾਇਮ ਕੀਤਾ ਪਲਾਜ਼ਮਾ ਬੈਂਕ ਕੋਵਿਡ-19 ਪੀੜਤਾਂ ਨੂੰ ਨਵੀਂ ਜਿੰਦਗੀ ਦੇਣ ਲੱਗ ਪਿਆ ਹੈ ਅਤੇ ਜ਼ਿਆਦਾ ਗੰਭੀਰ ਹੋਏ ਕੋਰੋਨਾ ਪੀੜਤ ਇਸ ਪ੍ਰਣਾਲੀ ਰਾਹੀਂ ਠੀਕ ਹੋਏ ਹਨ। ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਦੇ ਪਿੰ੍ਰਸੀਪਲ ਸ੍ਰੀ ਰਾਜੀਵ ਦੇਵਗਨ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਹੁਣ ਤੱਕ ਸਾਡੇ ਕੋਲ 6 ਪਲਾਜ਼ਮਾ ਦਾਨੀਆਂ ਨੇ ਆਪਣਾ ਪਲਾਜ਼ਮਾ ਦਾਨ ਕੀਤਾ ਸੀ ਅਤੇ ਇਸ ਨਾਲ ਅਸੀਂ 5 ਜਾਨਾਂ ਬਚਾਉਣ ਵਿਚ ਕਾਮਯਾਬ ਹੋਏ ਹਨ। ਉਨਾਂ ਦੱਸਿਆ ਕਿ ਪਲਾਜ਼ਮਾ ਕੇਵਲ ਸਾਡੇ ਹਸਪਤਾਲ ਵਿਚ ਦਾਖਲ ਮਰੀਜ਼ ਲਈ ਹੀ ਨਹੀਂ, ਬਲਕਿ ਕਿਸੇ ਵੀ ਹਸਪਤਾਲ ਵਿਚ ਦਾਖਲ ਮਰੀਜ਼ ਨੂੰ ਦਿੱਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜਿਹੜੇ ਲੋਕਾਂ ਨੇ ਆਪਣੀ ਅੰਦਰੂਨੀ ਸ਼ਕਤੀ ਨਾਲ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਹੁਣ ਉਹ ਕੋਰੋਨਾ ਤੋਂ ਮੁਕਤ ਹੋ ਚੁੱਕੇ ਹਨ, ਉਹ ਕੋਵਿਡ-19 ਟੈਸਟ ਨੈਗੇਟਿਵ ਆਉਣ ਉਤੇ ਪਲਾਜ਼ਮਾ ਦਾਨ ਕਰ ਸਕਦੇ ਹਨ।
ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿਘ ਖਹਿਰਾ ਨੇ ਜਿਲਾ ਵਾਸੀਆਂ ਨੂੰ ਅਪੀਲ ਕਰਦੇ ਕਿਹਾ ਕਿ ਕੋਵਿਡ ਨੂੰ ਹਰਾਉਣ ਵਾਲੇ ਸਾਡੇ ਜਿਲੇ ਦੇ ਯੋਧੇ ਹੁਣ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ, ਤਾਂ ਜੋ ਉਨਾਂ ਦੁਆਰਾ ਦਾਨ ਕੀਤਾ ਪਲਾਜ਼ਮਾ ਕਿਸੇ ਨੂੰ ਜਿੰਦਗੀ ਦਾ ਦਾਨ ਦੇ ਸਕੇ। ਸ. ਖਹਿਰਾ ਨੇ ਦੱਸਿਆ ਕਿ ਮੇਰੇ ਦਫਤਰ ਦੇ ਕਰਮਚਾਰੀ ਸ. ਲਖਬੀਰ ਸਿੰਘ ਵਾਸੀ ਚੱਬਾ ਅਤੇ ਦੀਦਾਰ ਸਿੰਘ ਵਾਸੀ ਦਾਲਮ ਨੇ ਜਿੱਥੇ ਕੋਰੋਨਾ ਨੂੰ ਹਰਾਇਆ ਹੈ, ਉਥੇ ਪਲਾਜ਼ਮਾ ਦਾਨ ਕਰਕੇ ਕਿਸੇ ਨੂੰ ਨਵੀਂ ਜਿੰਦਗੀ ਵੀ ਦਿੱਤੀ ਹੈ। ਉਨਾਂ ਇਸ ਮਹਾਨ ਕਾਰਜ ਲਈ ਦੋਵਾਂ ਕਰਮਚਾਰੀਆਂ ਨੂੰ ਸਨਮਾਨਿਤ ਵੀ ਕੀਤਾ। ਉਨਾਂ ਕਿਹਾ ਕਿ ਹੁਣ ਤੱਕ ਸਾਡੇ ਜਿਲੇ ਵਿਚ 2100 ਤੋਂ ਵੱਧ ਮਰੀਜ਼ ਕੋਵਿਡ ਤੋਂ ਮੁਕਤ ਹੋਏ ਹਨ ਅਤੇ ਇਹ ਗਿਣਤੀ ਕਿਸੇ ਵੀ ਗੰਭੀਰ ਰੋਗੀ ਨੂੰ ਜਾਨ ਦੇਣ ਲਈ ਕਾਫੀ ਹੈ।
ਕੈਪਸ਼ਨ : ਫਾਇਲ ਫੋਟੋਆਂ ਪਲਾਜਮਾ ਦਾਨ ਕਰਨ ਵਾਲੇ ਲਖਬੀਰ ਸਿੰਘ ਚੱਬਾ ਅਤੇ ਦੀਦਾਰ ਸਿੰਘ
==========