ਇਸ ਸਾਲ ਅੰਮ੍ਰਿਤਸਰ ਨੂੰ ਮਿਲ ਜਾਵੇਗਾ ਨਵਾਂ ਪ੍ਰਬੰਧਕੀ ਕੰਪਲੈਕਸ **ਡਿਪਟੀ ਕਮਿਸ਼ਨਰ ਨੇ ਮੌਕੇ ਉਤੇ ਜਾ ਕੇ ਲਿਆ ਪ੍ਰਗਤੀ ਦਾ ਜਾਇਜ਼ਾ

ਨਵੇਂ ਪ੍ਰਬੰਧਕੀ ਕੰਪੈਲਕਸ ਦੀ ਉਸਾਰੀ ਦਾ ਜਾਇਜ਼ਾ ਲੈਂਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ
ਅੰਮ੍ਰਿਤਸਰ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਇਸ ਸਾਲ ਦੇ ਅੰਤ ਤੱਕ ਅੰਮ੍ਰਿਤਸਰ ਵਾਸੀਆਂ ਨੂੰ ਨਵੇਂ ਪ੍ਰਬੰਧਕੀ ਕੰਪਲੈਕਸ ਦੀ ਸਹੂਲਤ ਮਿਲ ਜਾਵੇਗਾ, ਜਿਸ ਨਾਲ ਵੱਖ-ਵੱਖ ਦਫਤਰਾਂ ਦੇ ਕੰਮ ਕਰਵਾਉਣ ਲਈ ਜਿਲਾ ਵਾਸੀਆਂ ਨੂੰ ਸਾਰੇ ਸ਼ਹਿਰ ਦਾ ਗੇੜਾ ਨਹੀਂ ਕੱਢਣਾ ਪਵੇਗਾ, ਬਲਕਿ ਸਾਰੇ ਦਫਤਰ ਇਕ ਹੀ ਛੱਤ ਹੇਠ ਆ ਜਾਣਗੇ। ਅੱਜ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਖ਼ੁਦ ਮੌਕੇ ਉਤੇ ਜਾ ਕੇ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਮਾਰਤ ਦਾ ਕੰਮ ਜਲਦੀ ਤੋਂ ਜਲਦੀ ਨੇਪਰੇ ਚਾੜਿਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਖਹਿਰਾ ਨੇ ਇਮਾਰਤ ਦੀ ਵਿਉਂਤਬੰਦੀ ਕਰਨ ਵਾਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਕਰਨਜੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਅਤੇ ਇਮਾਰਤ ਦਾ ਵਿਸਥਾਰ ਲਿਆ। ਉਨਾਂ ਹਦਾਇਤ ਕੀਤੀ ਕਿ ਘੱਟੋ-ਘੱਟ 2 ਮੰਜ਼ਿਲਾਂ ਪੂਰੀਆਂ ਕਰਕੇ ਡਿਪਟੀ ਕਮਿਸ਼ਨਰ ਦਫਤਰ, ਵਧੀਕ ਡਿਪਟੀ ਕਮਿਸ਼ਨਰ ਦਫਤਰ, ਸੁਵਿਧਾ ਕੇਂਦਰ ਅਤੇ ਹੋਰ ਜ਼ਰੂਰੀ ਬਰਾਚਾਂ, ਜੋ ਕਿ ਵੱਖ-ਵੱਖ ਥਾਵਾਂ ਉਤੇ ਕੰਮ ਕਰ ਰਹੀਆਂ ਹਨ, ਨੂੰ ਅਗਲੇ 3 ਮਹੀਨਿਆਂ ਤੱਕ ਇਕ ਛੱਤ ਹੇਠ ਇਕੱਠਾ ਕੀਤਾ ਜਾਵੇ।

ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ. ਜਸਬੀਰ ਸਿੰਘ ਸੋਢੀ ਨੇ ਦੱਸਿਆ ਕਿ ਨਵੇਂ ਪ੍ਰਬੰਧਕੀ ਕੰਪਲੈਕਸ, ਜੋ ਕਿ ਲਗਭਗ 98 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ, ਦਾ ਲਗਭਗ ਸਾਰਾ ਸਿਵਲ ਕੰਮ ਪੂਰਾ ਹੋ ਚੁੱਕਾ ਹੈ ਅਤੇ ਵਾਟਰ ਸਪਲਾਈ ਤੇ ਸੀਵਰੇਜ ਵਿਭਾਗ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਮਾਰਤ ਨੂੰ ਵਾਤਅਨਕੂਲ ਕਰਨ ਅਤੇ ਬਿਜਲੀ ਦਾ ਕੰਮ ਪ੍ਰਗਤੀ ਅਧੀਨ ਹੈ, ਜੋ ਕਿ 70 ਫੀਸਦੀ ਤੋਂ ਵੱਧ ਪੂਰਾ ਹੋ ਗਿਆ ਹੈ। ਉਨਾਂ ਦੱਸਿਆ ਕਿ ਪੁਰਾਣੇ ਠੇਕੇਦਾਰ ਦੇ ਕੰਮ ਛੱਡ ਜਾਣ ਕਾਰਨ ਕੰਮ ਵਿਚ ਦੇਰੀ ਹੋਈ ਸੀ, ਪਰ ਹੁਣ ਕੰਮ ਪੂਰਾ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਅਕਤੂਬਰ ਤੱਕ ਕਾਰ ਪਾਰਕਿੰਗ ਲਈ ਬਣੀਆਂ 2 ਬੇਸਮੈਂਟ ਅਤੇ ਦੋ ਜ਼ਮੀਨੀ ਮੰਜਿਲ ਤਿਆਰ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਜਿਲਾ ਮਾਲ ਅਧਿਕਾਰੀ ਸ੍ਰੀ ਮੁਕੇਸ਼ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।