ਆਜ਼ਾਦੀ ਦਿਵਸ ਦੀ ਪੂਰਵ ਸੰਧਿਆਂ ਤੇ ਆਜ਼ਾਦੀ ਘੁਲਾਟੀਆਂ ਦਾ ਕੀਤਾ ਗਿਆ ਸਨਮਾਨ **ਕੋਵਿਡ-19 ਕਾਰਨ ਬਿਲਕੁਲ ਸਾਦੇ ਢੰਗ ਨਾਲ ਮਨਾਉਣ ਕਾਰਣ ਲਿਆ ਗਿਆ ਫੈਸਲਾ

ਫਰੀਦਕੋਟ / 14 ਅਗਸਤ / ਨਿਊ ਸੁਪਰ ਭਾਰਤ ਨਿਊਜ
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੋਵਿੰਡ ਮਹਾਂਮਾਰੀ ਕਾਰਣ ਜਾਰੀ ਕੀਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਦੀ ਰਹਿਨੁਮਾਈ ਹੇਠ ਆਜ਼ਾਦੀ ਦਿਵਸ ਸਮਾਰੋਹ ਬਹੁਤ ਹੀ ਸਾਦੇ ਢੰਗ ਨਾਲ ਅਤੇ ਸੰਖੇਪ ਸਮੇਂ ਵਿੱਚ ਮਨਾਇਆ ਜਾ ਰਿਹਾ ਹੈ। ਜਿਸ ਕਰਕੇ ਸਵਤੰਤਰਤਾ ਸੈਨਾਨੀਆਂ ਦਾ ਮਾਣ ਸਨਮਾਨ ਉਨਾਂ ਦੇ ਘਰ ਘਰ ਜਾ ਕੇ ਕੀਤਾ ਗਿਆ ਤਾਂ ਜੋ ਕਰੋਨਾ ਕਾਰਨ ਉਨਾਂ ਨੂੰ ਸਮਾਗਮ ਵਾਲੀ ਥਾਂ ਤੇ ਨਾ ਆਉਣਾ ਪਵੇ।ਸੁਤੰਤਰਤਾ ਸੈਨਾਨੀ ਸ: ਨਿਹਾਲ ਸਿੰਘ ਟਹਿਣਾ, ਸ੍ਰੀ ਜਗਦੀਸ਼ ਪ੍ਰਸ਼ਾਦ ਕੋਟਕਪੂਰਾ ਸਮੇਤ ਤਕਰੀਬਨ 68 ਸੁਤੰਤਰਤਾ ਸੈਨਾਨੀਆਂ ਦੇ ਉਤਰਾਧਿਕਾਰੀਆਂ/ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਸਨਮਾਨ ਐਸ.ਡੀ.ਐਮ ਕੋਟਕਪੂਰਾ ਸ੍ਰੀ ਅਮਿਤ ਕੁਮਾਰ ਸਰੀਨ, ਐਸ.ਡੀ.ਐਮ. ਜੈਤੋ ਡਾ. ਮਨਦੀਪ ਕੌਰ ਅਤੇ ਤਹਿਸੀਲਦਾਰ ਸ੍ਰੀ ਪਰਮਜੀਤ ਸਿੰਘ ਬਰਾੜ ਵੱਲੋਂ ਸਵਤੰਰਤਾ ਸੈਨਾਨੀਆ ਨੂੰ ਉਨਾਂ ਦੇ ਘਰ ਜਾ ਕੇ ਦਿੱਤਾ ਗਿਆ ਅਤੇ ਉਨਾਂ ਦਾ ਅਸ਼ੀਰਵਾਦ ਲਿਆ। ਸਵਤੰਰਤਾ ਸੰਗਰਾਮੀਆਂ ਵੱਲੋਂ ਇਸ ਮੌਕੇ ਉਨਾਂ ਵੱਲੋਂ ਕੀਤੇ ਗਏ ਸੰਘਰਸ਼ ਦੀ ਯਾਦ ਵੀ ਤਾਜ਼ਾ ਕਰਦਿਆਂ ਘਟਨਾਵਾਂ ਦਾ ਖੁਲਾਸਾ ਵੀ ਕੀਤਾ। ਡਿਪਟੀ ਕਮਿਸ਼ਨਰ ਨੇ ਸਮੂਹ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਸੰਕਟ ਦੇ ਚਲਦਿਆਂ ਆਪਣੇ ਘਰਾਂ ਵਿੱਚ ਆਜ਼ਾਦੀ ਦਿਵਸ ਸਮਾਰੋਹ ਮਨਾਉਣ ਅਤੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ।
