ਨਵੇਂ ਵੋਟਰਾਂ ਨੂੰ ਜੋੜਣ ਲਈ ਸਵੀਪ ਮੁਹਿੰਮ ਤਹਿਤ ਕਰਵਾਈਆਂ ਜਾਣਗੀਆਂ ਗਤੀਵਿਧੀਆਂ

ਸ੍ਰੀ ਰਜਿੰਦਰ ਸਿੰਘ ਤਹਿਸੀਲਦਾਰ ਚੋਣਾ ਸਵੀਪ ਗਤੀਵਿਧੀਆਂ ਨੂੰ ਲੈ ਕੇ ਮੀਟਿੰਗ ਕਰਦੇ ਹੋਏ । ਨਾਲ ਹਨ ਸ੍ਰੀ ਸੌਰਵ ਖੋਸਲਾ ਅਤੇ ਸ੍ਰੀ ਜਸਬੀਰ ਸਿੰਘ।
ਅੰਮ੍ਰਿਤਸਰ / 11 ਅਗਸਤ / ਨਿਊ ਸੁਪਰ ਭਾਰਤ ਨਿਊਜ
ਦੇਸ਼ ਅਤੇ ਦੁਨੀਆ ਵਿਚ ਕੋਵਿਡ-19 ਦੀ ਮਹਾਮਾਰੀ ਚੱਲ ਰਹੀ ਹੈ, ਪਰੰਤੂ ਲੋੜੀਂਦੇ ਇਹਤਿਆਤ ਵਰਤਦੇ ਹੋਏ ਜ਼ਿਲੇ ਵਿਚ ਚਲਾਈਆਂ ਜਾ ਰਹੀਆਂ ਹੋਰ ਗਤੀਵਿਧੀਆਂ ਦੇ ਨਾਲ-ਨਾਲ ਨੌਜਵਾਨਾਂ ਅਤੇ ਭਵਿੱਖ ਦੇ ਵੋਟਰਾਂ ਨੂੰ ਲੋਕਤੰਤਰ ਵਿਚ ਵੋਟ ਦੀ ਅਹਿਮੀਅਤ ਬਾਰੇ ਜਾਣਕਾਰੀ ਦੇਣ ਲਈ ਜ਼ਿਲੇ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਵਿਚ ਸਥਾਪਿਤ ਕੀਤੇ ਗਏ ਇਲੈਕਟੋਰੇਸੀ ਕਲੱਬਾਂ ਦੇ ਕਨਵੀਨਰਾਂ ਨਾਲ ਆਨਲਾਈਨ ਮੀਟਿੰਗ ਕਰਕੇ ਸਵੀਮ ਮੁਹਿੰਮ ਤਹਿਤ ਨਵੇਂ ਵੋਟਰਾਂ ਨੂੰ ਜੋੜਿਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਚੋਣਾ ਸ੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਆਨ ਲਾਈਨ ਪੜਾਈ ਦੇ ਨਾਲ-ਨਾਲ ਇਹ ਜਾਣਕਾਰੀ ਵੀ ਦਿੱਤੀ ਜਾਵੇ ਕਿ ਜਿਨਾਂ ਨੌਜਵਾਨਾਂ ਦੀ ਉਮਰ ਮਿਤੀ 1 ਜਨਵਰੀ 2020 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ, ਪਰੰਤੂ ਉਹ ਕਿਸੇ ਕਾਰਨ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਨਹੀਂ ਕਰਵਾ ਸਕੇ, ਉਹ ਹੁਣ ਵੀ ਆਪਣਾ ਨਾਮ ਫਾਰਮ ਨੰਬਰ 6 ਰਾਹੀਂ ਆਨ ਲਾਈਨ ਜਾਂ ਬੀ. ਐਲ. ਓ ਨਾਲ ਸੰਪਰਕ ਕਰਕੇ ਲਗਾਤਾਰ ਚੱਲ ਰਹੀ ਵੋਟਰ ਸੂਚੀਆਂ ਦੀ ਸੁਧਾਈ ਦੌਰਾਨ ਰਜਿਸਟਰ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਕਾਮਨ ਸਰਵਿਸ ਸੈਂਟਰ ‘ਤੇ ਜਾ ਕੇ ਬਿਨਾਂ ਕਿਸੇ ਕੀਮਤ ਦਿੱਤੇ ਆਪਣਾ ਫਾਰਮ ਆਨ ਲਾਈਨ ਸਬਮਿਟ ਕਰਵਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਕਾਮਨ ਸਰਵਿਸ ਸੈਂਟਰ ਵਲੋਂ ਇਸ ਮੰਤਵ ਲਈ ਉਨਾਂ ਪਾਸੋਂ ਕੋਈ ਚਾਰਜ ਨਹੀਂ ਲਏ ਜਾਣਗੇ। ਇਸ ਮੌਕੇ ਸ੍ਰੀ ਜਸਬੀਰ ਸਿੰਘ ਨੋਡਲ ਅਫਸਰ ਸਕੂਲ ਤੇ ਕਾਲਜ ਨੇ ਦੱਸਿਆ ਕਿ ਭਵਿੱਖ ਦੇ ਵੋਟਰਾਂ ਨੂੰ ਵੈਬੀਨਾਰ ਆਨ ਲਾਈਨ ਮੀਟਿੰਗ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਾਇਆ ਜਾਵੇਗਾ ਅਤੇ 18 ਸਾਲ ਦੀ ਉਮਰ ਵਾਲੇ ਸਾਰੇ ਵੋਟਰਾਂ ਦੇ ਵੋਟ ਬਣਾਏ ਜਾਣਗੇ।
ਉਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਲਦ ਹੀ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ‘ਤੇ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਅਰੰਭੇ ਜਾਣ ਦੀ ਸੰਭਾਵਨਾ ਹੈ। ਇਸ ਲਈ ਜਿਨਾਂ ਨੌਜਵਾਨਾਂ ਦੀ ਉਮਰ ਪਹਿਲੀ ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਜਾਣ ਵਾਲੀ ਹੋਵੇ, ਉਨਾਂ ਦੀ ਪਹਿਚਾਣ ਕਰ ਕੇ ਲਿਸਟ ਤਿਆਰ ਕਰ ਲਈ ਜਾਵੇ, ਤਾਂ ਜੋ ਸਮਾਂ ਆਉਣ ‘ਤੇ ਉਨਾਂ ਨਾਲ ਸੰਪਰਕ ਕਰਕੇ ਉਨਾਂ ਨੂੰ ਫਾਰਮ ਨੰਬਰ 6 ਭਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਸ੍ਰੀ ਸੌਰਵ ਖੋਸਲਾ ਜਿਲਾ ਸਵੀਪ ਇੰਚਾਰਜ ਅਤੇ ਚੋਣ ਦਫਤਰ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜਰ ਸਨ।