ਸਮਾਰਟ ਸਿਟੀ ਪ੍ਰਾਜੈਕਟ ਅਧੀਨ ਫਾਇਰ ਵਿਭਾਗ ਨੂੰ ਸਮੇਂ ਦਾ ਹਾਣੀ ਬਣਾਇਆ-ਕਮਿਸ਼ਨਰ ਕਾਰਪੋਰੇਸ਼ਨ
*ਅੱਗ ਬੁਝਾਊ ਦਸਤੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਖਰਚੇ 1.6 ਕਰੋੜ ਰੁਪਏ ***ਸ਼ਹਿਰ ਵਿਚ 60 ਹਜ਼ਾਰ ਦੇ ਕਰੀਬ ਐਲ. ਆਈ. ਡੀ ਲਾਇਟਾਂ ਲੱਗੀਆਂ
ਅੰਮ੍ਰਿਤਸਰ / 10 ਅਗਸਤ / ਨਿਊ ਸੁਪਰ ਭਾਰਤ ਨਿਊਜ
ਅੰਮ੍ਰਿਤਸਰ ਸ਼ਹਿਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਮਾਰਟ ਸਿਟੀ ਅਧੀਨ ਮਿਉਂਸੀਪਲ ਕਾਰਪੋਰੇਸ਼ਨ ਦੇ ਅੱਗ ਬੁਝਾਊ ਵਿਭਾਗ ਨੂੰ ਉਸਦੀਆਂ ਲੋੜਾਂ ਅਨੁਸਾਰ ਫੰਡ ਮੁਹੱਇਆ ਕਰਵਾਏ ਜਾ ਚੁੱਕੇ ਹਨ, ਜਿਸ ਨਾਲ ਇਹ ਵਿਭਾਗ ਸਮੇਂ ਦਾ ਹਾਣੀ ਬਣ ਸਕਿਆ ਹੈ। ਇਹ ਜਾਣਕਾਰੀ ਦਿੰਦੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਨੇ ਦੱਸਿਆ ਕਿ ਹਾਲ ਹੀ ਵਿਚ ਅਸੀ ਅੱਗ ਬੁਝਾਊ ਦਸਤੇ ਨੂੰ ਸਿਲਵਰ ਦੀਆਂ ਪੰਜ ਵੱਡੀਆਂ ਪੌੜੀਆਂ, 50 ਫਾਇਰ ਹੋਜ਼, 5 ਹਾਈ ਪ੍ਰੈਸ਼ਰ ਪੋਰਟੇਬਲ ਫਾਇਰ ਫਾਇਟਿੰਗ ਪੰਪ, ਸਰਚ ਲਾਇਟਾਂ, ਪੋਰਟੇਬਲ ਐਮਰਜੈਂਸੀ ਲਾਇਟਿੰਗ ਸਿਸਟਮ, ਅੱਗ ਬੁਝਾਉਣ ਲਈ ਵਰਤੇ ਜਾਂਦੇ ਸਿਲੰਡਰ, ਹਿਊਮਨ ਲਾਇਫ ਡਿਟੇਕਟਰ, ਵਾਟਰ ਕਮ ਫੋਮ ਨੋਜ਼ਲ ਅਤੇ ਹੋਰ ਜ਼ਰੂਰੀ ਸਮਾਨ ਦਸਤੇ ਦੀਆਂ ਲੋੜਾਂ ਲਈ ਦਿੱਤਾ ਹੈ।
ਸ੍ਰੀਮਤੀ ਮਿਤਲ ਨੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦੇ ਪੁਰਾਤਨ ਹਿੱਸਾ, ਜੋ ਕਿ ਤੰਗ ਗਲੀਆਂ ਕਰਕੇ ਜਾਣਿਆ ਜਾਂਦਾ ਹੈ, ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਸਮਾਨ ਖਰੀਦ ਕੇ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸ਼ਹਿਰ ਦੀ ਹਰ ਲੋੜ ਸਮਾਰਟ ਸਿਟੀ ਪ੍ਰਾਜੈਕਟ ਵਿਚ ਪੂਰੀ ਕੀਤੀ ਜਾਵੇ, ਤਾਂ ਜੋ ਇਹ ਸ਼ਹਿਰ ਭਵਿੱਖ ਦਾ ਹਾਣੀ ਬਣ ਸਕੇ। ਉਨਾਂ ਦੱਸਿਆ ਕਿ ਅੰਮ੍ਰਿਤਸਰ ਦੀਆਂ ਗਲੀਆਂ ਤੇ ਸੜਕਾਂ ਉਤੇ ਰਾਤ ਸਮੇਂ ਰੌਸ਼ਨੀ ਦੀ ਲੋੜ ਪੂਰੀ ਕਰਨ ਲਈ ਵੀ 60 ਹਜ਼ਾਰ ਐਲ. ਆਈ. ਡੀ ਲਾਇਟਾਂ ਲਗਾਈਆਂ ਜਾ ਚੁੱਕੀਆਂ ਹਨ। ਸ੍ਰੀਮਤੀ ਮਿਤਲ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਕੁੱਲ 62444 ਐਲ. ਆਈ. ਡੀ. ਲਾਇਟਾਂ ਲਗਾਉਣ ਦਾ ਟੀਚਾ ਇਸ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਮਿਥਿਆ ਗਿਆ ਸੀ, ਜਿਸ ਵਿਚੋਂ 60 ਹਜ਼ਾਰ ਦੇ ਕਰੀਬ ਲਾਇਟਾਂ ਲੱਗ ਚੁੱਕੀਆਂ ਹਨ ਅਤੇ ਬਾਕੀ ਲਾਇਟਾਂ ਦਾ ਕੰਮ ਅਗਲੇ ਕੁੱਝ ਦਿਨਾਂ ਤੱਕ ਪੂਰਾ ਕਰ ਲਿਆ ਜਾਵੇਗਾ।