February 23, 2025

ਡਿਪਟੀ ਕਮਿਸ਼ਨਰ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਪਲਾਜ਼ਮਾ ਬੈਂਕ ਦੀ ਸ਼ੁਰੂਆਤ **ਹਸਪਤਾਲ ਵਿਚ ਦਾਖਲ ਮਰੀਜਾਂ ਦੀ ਸਹੂਲਤ ਲਈ ਵੀ ਟੈਲੀਕਾਨਫਰੰਸ ਸੇਵਾ ਸ਼ੁਰੂ

0

ਹਸਪਤਾਲ ਵਿਚ ਪਲਾਜ਼ਮਾ ਬੈਂਕ ਦਾ ਉਦਘਾਟਨ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ। ਨਾਲ ਹਨ ਡਾ. ਹਿਮਾਸ਼ੂੰ ਅਗਰਵਾਲ ਤੇ ਹੋਰ।

*ਕੋਰੋਨਾ ਤੋਂ ਠੀਕ ਹੋਏ ਵਿਅਕਤੀ ਬਚਾਅ ਸਕਦੇ ਹਨ ਕੀਮਤੀ ਜਾਨਾਂ **ਪਲਾਜ਼ਮਾ ਦਾਨ ਵਾਲੇ ਵਿਅਕਤੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ / 08 ਅਗਸਤ / ਨਿਊ ਸੁਪਰ ਭਾਰਤ ਨਿਊਜ

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਅੱਜ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਪਲਾਜ਼ਮਾ ਬੈਂਕ ਅਤੇ ਟੈਲੀਕਾਨਫਰੰਸ ਸੇਵਾ ਦਾ ਉਦਘਾਟਨ ਕੀਤਾ, ਜਿੱਥੇ ਕੋਵਿਡ-19 ਦੇ ਠੀਕ ਹੋਏ ਮਰੀਜ਼ਾਂ ਦਾ ਪਲਾਜ਼ਮਾ ਲੈ ਕੇ ਗੰਭੀਰ ਰੋਗੀਆਂ ਦਾ ਇਲਾਜ ਕੀਤਾ ਜਾ ਸਕੇਗਾ। ਇਸ ਮੌਕੇ ਉਨਾਂ ਕੋਰੋਨਾ ਨੂੰ ਮਾਤ ਦੇਣ ਵਾਲੇ ਯੋਧਿਆਂ, ਜਿੰਨਾ ਨੇ ਪਲਾਜ਼ਮਾ ਦਾਨ ਕੀਤਾ ਹੈ, ਨੂੰ ਸਨਮਾਨਿਤ ਵੀ ਕੀਤਾ। ਸ. ਖਹਿਰਾ ਨੇ ਕੋਰੋਨਾ ਤੋਂ ਠੀਕ ਹੋਏ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਜ਼ਮਾ ਬੈਂਕ ਵਿਚ ਆਪਣਾ ਪਲਾਜ਼ਮਾ ਦਾਨ ਕਰਨ, ਤਾਂ ਜੋ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦੀ ਜਾਨ ਬਚਾਈ ਜਾ ਸਕੇ।

ਗੁਰੂ ਨਾਨਕ ਹਸਪਤਾਲ ਵਿਚ ਟੈਲੀਕਾਨਫਰੰਸ ਸੇਵਾ ਦੀ ਸ਼ੁਰੂਆਤ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ।

       ਸ. ਖਹਿਰਾ ਨੇ ਇਸ ਮੌਕੇ ਹਸਪਤਾਲ ਵਿਚ ਦਾਖਲ ਕੋਵਿਡ-19 ਦੇ ਮਰੀਜਾਂ ਲਈ ਟੈਲੀਕਾਨਫਰੰਸ ਸੇਵਾ ਦੀ ਸ਼ੁਰੂਆਤ ਵੀ ਕੀਤੀ, ਜਿਸ ਸਦਕਾ ਜਿੱਥੇ ਹਸਪਤਾਲ ਵਿਚ ਦਾਖਲ ਰੋਗੀ ਆਪਣੇ ਪਰਿਵਾਰ ਨਾਲ ਵੀਡੀਓ ਕਾਨਫਰੰਸ ਜ਼ਰੀਏ ਗੱਲਬਾਤ ਕਰ ਸਕਣਗੇ, ਉਥੇ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ, ਜਿਸ ਵਿਚ ਮਾਨਸਿਕ ਬਿਮਾਰੀਆਂ ਦੇ ਡਾਕਟਰ ਵਿਸ਼ੇਸ਼ ਤੌਰ ਉਤੇ ਸ਼ਾਮਿਲ ਹਨ, ਵੀ ਕੋਵਿਡ-19 ਦੇ ਮਰੀਜਾਂ ਦੀ ਕੌਂਸਲਿੰਗ ਕਰਕੇ ਉਨਾਂ ਨੂੰ ਮਾਨਸਿਕ ਤੌਰ ਉਤੇ ਮਜਬੂਤ ਕਰ ਸਕਣਗੇ। ਸ. ਖਹਿਰਾ ਨੇ ਕਿਹਾ ਕਿ ਬਿਮਾਰੀ ਦੇ ਖੌਫ ਕਾਰਨ ਕਈ ਵਾਰ ਮਰੀਜ਼ ਡੋਲ ਜਾਂਦੇ ਹਨ, ਇਸ ਲਈ ਉਨਾਂ ਨੂੰ ਹੌਸ਼ਲੇ ਵਿਚ ਰੱਖਣਾ ਬੜਾ ਜ਼ਰੂਰੀ ਹੈ ਅਤੇ ਇਹ ਸੇਵਾ ਇੰਨਾ ਮਰੀਜਾਂ ਲਈ ਵਰਦਾਨ ਸਾਬਤ ਹੋਵੇਗੀ। ਉਨਾਂ ਇਸ ਸਹੂਲਤ ਲਈ ਫਿਕੀ ਸੰਸਥਾ ਦਾ ਧੰਨਵਾਦ ਵੀ ਕੀਤਾ।

      ਸ. ਖਹਿਰਾ ਨੇ ਕਿਹਾ ਕਿ ਜਿਲੇ ਵਿਚ ਕੋਰੋਨਾ ਦੇ ਮਰੀਜ਼ ਲਗਾਤਾਰ ਆ ਰਹੇ ਹਨ, ਜਿਸ ਤੋਂ ਅੰਦਾਜਾ ਲੱਗਦਾ ਹੈ ਕਿ ਜਿਲਾ ਵਾਸੀ ਕਿਤੇ ਨਾ ਕਿਤੇ ਲਾਪਰਵਾਹੀ ਕਰ ਰਹੇ ਹਨ। ਉਨਾਂ ਕਿਹਾ ਕਿ ਇਹ ਬਿਮਾਰੀ ਇਕ ਵਿਅਕਤੀ ਤੋਂ ਅੱਗੇ ਕਈ ਵਿਅਕਤੀਆਂ ਤੱਕ ਫੈਲ ਜਾਂਦੀ ਹੈ, ਇਸ ਲਈ ਜਰੂਰੀ ਹੈ ਕਿ ਅਸੀਂ ਹਰੇਕ ਥਾਂ ਆਪਸੀ ਦੂਰੀ, ਮਾਸਕ, ਹੱਥ ਧੋਣ ਵਰਗੀਆਂ ਜ਼ਰੂਰੀ ਗੱਲਾਂ ਦਾ ਧਿਆਨ ਰੱਖੀਏ, ਤਾਂ ਜੋ ਅਸੀਂ ਅਤੇ ਸਾਡਾ ਪਰਿਵਾਰ ਕੋਰੋਨਾ ਤੋਂ ਬਚਿਆ ਰਿਹਾ। ਉਨਾਂ ਕਿਹਾ ਕਿ ਹੋ ਸਕਦਾ ਹੈ ਕਿ ਤੁਹਾਡੀ ਸਿਹਤ ਚੰਗੀ ਹੋਵੇ ਅਤੇ ਤਹਾਨੂੰ ਕੋਵਿਡ-19 ਦੇ ਲੱਛਣ ਸਪੱਸ਼ਟ ਨਾ ਹੋਣ ਤੇ ਤੁਸੀਂ ਠੀਕ ਹੋ ਜਾਉ, ਪਰ ਤੁਹਾਡੇ ਪਰਿਵਾਰ ਦੇ ਬਜ਼ੁਰਗ ਤੇ ਬੱਚਿਆਂ ਨੂੰ ਇਸ ਤੋਂ ਖ਼ਤਰਾ ਹੋ ਸਕਦਾ ਹੈ। ਸ. ਖਹਿਰਾ ਨੇ ਕਿਹਾ ਕਿ ਅੱਜ ਸਾਡੇ ਕੋਲ ਮਰੀਜਾਂ ਦੀ ਗਿਣਤੀ ਸੈਂਕੜੇ ਵਿਚ ਹੈ ਅਤੇ ਅਸੀਂ ਇਨਾਂ ਦਾ ਜਿੰਨਾ ਵਧੀਆ ਇਲਾਜ ਕਰ ਸਕਦੇ ਹਨ, ਉਹ ਗਿਣਤੀ ਹਜ਼ਾਰਾਂ ਵਿਚ ਹੋਣ ਨਾਲ ਸੰਭਵ ਨਹੀਂ ਹੋਣਾ, ਸੋ ਸਾਰਿਆਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਖਿਆਲ ਰੱਖਦੇ ਹੋਏ ਘਰਾਂ ਤੋਂ ਬਾਹਰ ਨਿਕਲਣ। ਇਸ ਤੋਂ ਇਲਾਵਾ ਜੇਕਰ ਕਿਸੇ ਨੂੰ ਕੋਈ ਲੱਛਣ ਵਿਖਾਈ ਦਿੰਦੇ ਹਨ ਤਾਂ ਉਹ ਆਪਣੇ ਕੋਵਿਡ ਟੈਸਟ ਕਰਵਾਉਣ ਲਈ ਜੇਕਰ ਹਸਪਤਾਲ ਨਹੀਂ ਆ ਸਕਦੇ ਤਾਂ ਮੋਬਾਈਲ ਵੈਨ, ਜੋ ਕਿ ਉਨਾਂ ਦੇ ਇਲਾਕੇ ਵਿਚ ਜਾਂਦੀ ਹੈ, ਵਿਚ ਆਪਣੇ ਨਮੂਨੇ ਦੇਣ, ਤਾਂ ਜੋ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਲਾਜ ਕੀਤਾ ਜਾ ਸਕੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਪ੍ਰਿੰਸੀਪਲ ਸ੍ਰੀ ਰਾਜੀਵ ਦੇਵਗਨ, ਮੈਡੀਕਲ ਸੁਪਰਡੈਂਟ ਸ੍ਰੀ ਰਮਨ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *