ਮਾਸਕ ਪਾਉਣ ਅਤੇ ਆਪਸੀ ਦੂਰੀ ਰੱਖਣ ਵਿਚ ਔਖ ਮਹਿਸੂਸ ਨਾ ਕਰੋ-ਡਿਪਟੀ ਕਮਿਸ਼ਨਰ
-ਨੇਮਾਂ ਦੀ ਉਲੰਘਣਾ ਕਾਰਨ ਹੋ ਰਿਹਾ ਕੋਵਿਡ ਕੇਸਾਂ ‘ਚ ਵਾਧਾ
ਅੰਮ੍ਰਿਤਸਰ, 4 ਅਗਸਤ (ਨਿਊ ਸੁਪਰ ਭਾਰਤ ਨਿਊਜ਼ )-
ਜਿਲੇ ਵਿਚ ਕੁੱਝ ਲੋਕਾਂ ਵੱਲੋਂ ਕੋਵਿਡ ਸੁਰੱਖਿਆ ਨੇਮਾਂ ਦੀ ਉਲੰਘਣਾ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਨੂੰ ਜੋਖਮ ਵਿੱਚ ਪਾਉਣ ਦੇ ਗ਼ੈਰ-ਜ਼ਿੰਮੇਵਾਰੀ ਵਾਲੇ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਇਸਦੇ ਖਤਰਨਾਕ ਨਤੀਜਿਆਂ ਤੋਂ ਸਾਵਧਾਨ ਹੋਣ ਦਾ ਸੱਦਾ ਦਿੱਤਾ ਹੈ। ਆਪਣੇ ਸੰਦੇਸ਼ ਵਿਚ ਉਨਾਂ ਕਿਹਾ ਕਿ ਜਿਲੇ ਅੰਦਰ ਬੀਤੀ ਸ਼ਾਮ ਤੱਕ ਕੋਵਿਡ-19 ਦੇ ਮਰੀਜਾਂ ਦੀ ਸੰਖਿਆ 2000 ਨੂੰ ਪਾਰ ਕਰ ਗਈ ਹੈ ਅਤੇ ਇਸ ਵਿਚ ਰੋਜ਼ਾਨਾ ਵਾਧਾ ਜਾਰੀ ਹੈ। ਉਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੋਵਿਡ ਕੇਸਾਂ ਦਾ ਵਾਧਾ ਤੇਜ਼ੀ ਨਾਲ ਹੋਇਆ ਹੈ, ਜੋ ਕਿ ਖਤਰਨਾਕ ਰੁਝਾਨ ਹੈ।
ਉਨਾਂ ਕਿਹਾ ਕਿ ਭਾਵੇਂ ਪੁਲਿਸ ਕੋਵਿਡ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲਗਾਤਾਰ ਚਲਾਨ ਕਰ ਰਹੀ ਹੈ, ਪਰ ਲੋਕਾਂ ਵੱਲੋਂ ਅਜਿਹੀ ਲਾਪਰਵਾਹੀ ਚੰਗੀ ਗੱਲ ਨਹੀਂ। ਉਨਾਂ ਪੁੱਛਿਆ ਕਿ ਮਾਸਕ ਪਹਿਨਣਾ, ਹੱਥ ਧੋਣਾ ਅਤੇ ਸੜਕਾਂ ‘ਤੇ ਨਾ ਥੁੱਕਣਾ ਏਨਾ ਔਖਾ ਕਿਉਂ ਲੱਗਦਾ ਹੈ? ਉਨਾਂ ਕੋਵਿਡ ਨੇਮਾਂ ਦੀ ਪਾਲਣਾ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਅਪੀਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਜਿਲਾ ਵਾਸੀਆਂ ਨੂੰ ਪੁੱਛਿਆ ਕਿ,” ਕੀ ਤੁਹਾਨੂੰ ਆਪਣੇ ਪੰਜਾਬੀ ਭੈਣ-ਭਰਾਵਾਂ ਦਾ ਕੋਈ ਫਿਕਰ ਨਹੀਂ।’ ਸ. ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਵੱਲੋਂ ਕੋਵਿਡ ਉਤੇ ਫਤਹਿ ਪਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਅਸੀਂ ਲੋਕਾਂ ਨੂੰ ਸੁਚੇਤ ਕਰਨ ਲਈ ਲਗਾਤਾਰ ਜ਼ੋਰ ਲਗਾ ਰਹੇ ਹਾਂ, ਪਰ ਫਿਰ ਵੀ ਕੁੱਝ ਲੋਕ ਸਾਰਾ ਕੁੱਝ ਜਾਣਦੇ ਹੋਏ ਵੀ ਲਾਪਰਵਾਹੀ ਵਰਤ ਰਹੇ ਹਨ। ਸ. ਖਹਿਰਾ ਨੇ ਜਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਸਿਹਤ ਵਿਭਾਗ ਵੱਲੋਂ ਸੁਝਾਏ ਗਏ ਨੇਮਾਂ ਉਤੇ ਅਮਲ ਕਰਨ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲੈਣ, ਤਾਂ ਕੋਰੋਨਾ ਨੂੰ ਛੇਤੀ ਖਤਮ ਕੀਤਾ ਜਾ ਸਕਦਾ ਹੈ। ਸ. ਖਹਿਰਾ ਨੇ ਕਿਹਾ ਕਿ ਉਹ ਬਿਮਾਰੀ ਜਿਸ ਦਾ ਕੋਈ ਇਲਾਜ ਨਹੀਂ ਹੈ, ਉਸ ਤੋਂ ਬਚ ਕੇ ਰਹਿਣ ਵਿਚ ਸਮਝਦਾਰੀ ਹੈ ਅਤੇ ਸਾਰੇ ਜਿਲਾ ਵਾਸੀ ਇਸ ਸਮਝ ਤੋਂ ਕੰਮ ਲੈਣ।