ਐਲ.ਈ.ਡੀ. ਸਟਰੀਟ ਲਾਈਟਾਂ ਨਾਲ ਜਗਮਗਾਈ ਹੁਸ਼ਿਆਰਪੁਰ ਦੀ ਸੁੰਦਰਤਾ
*ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਨਗਰ ਨਿਗਮ ਨੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਅਤੇ ਮੁਹੱਲਿਆਂ ‘ਚ ਲਗਾਈਆਂ 13472 ਐਲ.ਈ.ਡੀ. ਸਟਰੀਟ ਲਾਈਟਾਂ **ਡਿਮਾਂਡ ਦੇ ਹਿਸਾਬ ਨਾਲ ਸ਼ਹਿਰ ਦੇ ਹੋਰ ਖੇਤਰਾਂ ਵਿੱਚ ਵੀ ਜਲਦ ਲਗਾਈਆਂ ਜਾਣਗੀਆਂ ਐਲ.ਈ.ਡੀ. ਸਟਰੀਟ ਲਾਈਟਾਂ : ਕਮਿਸ਼ਨਰ ਨਗਰ ਨਿਗਮ
ਹੁਸ਼ਿਆਰਪੁਰ / 4 ਅਗਸਤ / ਨਿਊ ਸੁਪਰ ਭਾਰਤ ਨਿਊਜ
ਨਗਰ ਨਿਗਮ ਵਲੋਂ ਸਾਫ਼-ਸਫਾਈ ਦੇ ਨਾਲ-ਨਾਲ ਜਿਥੇ ਸ਼ਹਿਰ ਦੇ ਸੁੰਦਰੀਕਰਨ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ, ਉਥੇ ਲੋਕਾਂ ਤੱਕ ਹਰ ਬੁਨਿਆਦੀ ਸੁਵਿਧਾਵਾਂ ਵੀ ਪਹੁੰਚਾਈਆਂ ਜਾ ਰਹੀਆਂ ਹਨ, ਜਿਸ ਤਹਿਤ ਸ਼ਹਿਰ ਵਿੱਚ ਸਟਰੀਟ ਲਾਈਟਾਂ ਦਾ ਪੂਰਾ ਜਾਲ ਵਿਛਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਕਮਿਸ਼ਨਰ ਨਗਰ ਨਿਗਮ ਸ੍ਰੀ ਬਲਵੀਰ ਰਾਜ ਸਿੰਘ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਸਟਰੀਟ ਲਾਈਟ ਦੀਆਂ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਨਗਰ ਨਿਗਮ ਵਲੋਂ ਐਨਰਜੀ ਐਫੀਸ਼ਿਐਂਸੀ ਸਰਵੇ ਲਿਮਟਡ ਨਾਲ ਇਕਰਾਰਨਾਮਾ ਕੀਤਾ ਗਿਆ ਹੈ। ਇਸ ਤਹਿਤ ਸ਼ਹਿਰ ਵਿੱਚ 13472 ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ ਹਨ, ਜਿਸ ਵਿੱਚ 11 ਹਾਈ ਮਾਸਟ ਅਤੇ 15 ਸਮਾਲ ਮਾਸਟ ਸ਼ਹਿਰ ਦੇ ਪ੍ਰਮੁੱਖ ਚੌਕਾਂ ਵਿੱਚ ਲਗਾਈਆਂ ਗਈਆਂ ਹਨ, ਜਿਸ ਨਾਲ ਜਿਥੇ ਸ਼ਹਿਰ ਪਹਿਲੇ ਨਾਲੋਂ ਜ਼ਿਆਦਾ ਜਗਮਗਾ ਉਠਿਆ ਹੈ, ਉਥੇ ਬਿਜਲੀ ਦੇ ਬਿੱਲ ਵਿੱਚ ਵੀ ਭਾਰੀ ਕਟੌਤੀ ਆਈ ਹੈ।
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸ਼ਹਿਰ ਵਿੱਚ ਡਿਮਾਂਡ ਦੇ ਹਿਸਾਬ ਨਾਲ ਅਜੇ ਹੋਰ ਐਲ.ਈ.ਡੀ. ਲਾਈਟਾਂ ਲਗਾਈਆਂ ਜਾਣੀਆਂ ਹਨ। ਉਨਾਂ ਕਿਹਾ ਕਿ ਇਹ ਸਟਰੀਟ ਲਾਈਟਾਂ ਦੇ ਲੱਗਣ ਨਾਲ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਵਿੱਚ ਚਾਰੋਂ ਤਰਫ਼ ਰੌਸ਼ਨੀ ਹੋ ਗਈ ਹੈ, ਜਿਸ ਦਾ ਲੋਕਾਂ ਨੂੰ ਕਾਫ਼ੀ ਫਾਇਦਾ ਪਹੁੰਚਿਆ ਹੈ। ਉਨਾਂ ਕਿਹਾ ਕਿ ਹਰ ਸਟਰੀਟ ਲਾਈਟ ਪੁਆਇੰਟ ‘ਤੇ ਪੋਲ ਨੰਬਰ ਲੱਗਾ ਹੋਇਆ ਹੈ। ਜਿਸ ਦਾ ਹਵਾਲਾ ਦੇ ਕੇ ਕਿਸੇ ਵੀ ਸਮੇਂ ਲੋਕ ਟੋਲ ਫਰੀ ਨੰਬਰ 1800 1803580 ਜਾਂ ਨਗਰ ਨਿਗਮ ਵਲੋਂ ਸਥਾਪਿਤ ਕੀਤੇ ਗਏ ਸ਼ਿਕਾਇਤ ਸੈਲ ਜਿਸ ਦਾ ਫੋਨ ਨੰਬਰ 94787-15701, 01882-220322 ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਜਲਦ ਕੀਤਾ ਜਾ ਰਿਹਾ ਹੈ।