‘ਇਤਿਹਾਸ’ ਪੋਰਟਲ ਰਾਹੀਂ ਰੱਖੀ ਜਾਵੇਗੀ ਕਰੋਨਾ ਪ੍ਰਭਾਵਿਤ ਇਲਾਕਿਆਂ ਤੇ ਨਜ਼ਰ- ਸੇਤੀਆ
*ਡਿਪਟੀ ਕਮਿਸ਼ਨਰ ਨੇ ਬਜ਼ੁਰਗਾਂ, ਬੱਚਿਆਂ ਅਤੇ ਕਿਸੇ ਵੀ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ
ਫਰੀਦਕੋਟ / 04 ਅਗਸਤ / ਨਿਊ ਸੁਪਰ ਭਾਰਤ ਨਿਊਜ
ਫਰੀਦਕੋਟ ਜ਼ਿਲ੍ਹੇ ਵਿੱਚ ਕਰੋਨਾ ਦੀ ਰੋਕਥਾਮ ਲਈ ਪੰਜਾਬ ਸਰਕਾਰ ਅਤੇ ਆਈ.ਆਈ.ਟੀ. ਚੇਨਈ ਦੁਆਰਾ ਤਿਆਰ ਕੀਤੇ ‘ਇਤਿਹਾਸ ਪੋਰਟਲ’ ਰਾਹੀਂ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਇਲਾਕਿਆਂ ਅਤੇ ਭਵਿੱਖ ਵਿਚ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦੀ ਨਿਗਰਾਨੀ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ. ਵਿਮਲ ਸੇਤੀਆ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਅਤਿ ਆਧੁਨਿਕ ਟੈਕਨਾਲੋਜੀ ਦੀ ਵਰਤੋਂ ਨਾਲ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚ ਕਰੋਨਾ ਤੋਂ ਪੀੜਤ ਲੋਕਾਂ ਦੀ ਮੂਵਮੈਂਟ ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀੜਤ ਲੋਕਾਂ ਦਾ ਪਤਾ ਲਗਾਉਣ ਅਤੇ ਕਰੋਨਾ ਤੋਂ ਪ੍ਰਭਾਵਿਤ ਵਿਅਕਤੀ (ਸਪਰੈਡਰ) ਦੀ ਤਲਾਸ ਦੇ ਲਈ ਉਨ੍ਹਾਂ ਦੇ ਮੋਬਾਈਲ ਲੋਕੇਸ਼ਨ ਰਾਹੀਂ 15 ਦਿਨਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਰੱਖੀ ਜਾਵੇਗੀ, ਜਿਸ ਤੋਂ ਇਸ ਗੱਲ ਦਾ ਪਤਾ ਲਗਾਇਆ ਜਾ ਸਕੇਗਾ ਕਿ ਉਹ ਕਿਸ ਕਿਸ ਖੇਤਰ ਵਿੱਚ ਗਿਆ ਸੀ ਅਤੇ ਉਸ ਜਗ੍ਹਾ ਤੇ ਕੋਈ ਨਵਾਂ ਕੇਸ ਆਇਆ ਜਾ ਨਹੀਂ।
ਡਿਪਟੀ ਕਮਿਸ਼ਨਰ ਨੇ ਲੋਕਾਂ, ਖ਼ਾਸਕਰ ਬਜ਼ੁਰਗਾਂ, ਬੱਚਿਆਂ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰ ਦੇ ਅੰਦਰ ਰਹਿਣ ਅਤੇ ਕਸਰਤ ਕਰਨ ਦੇ ਨਾਲ-ਨਾਲ ਸਿਰਫ ਘਰੇਲੂ ਖਾਣਾ ਹੀ ਖਾਣ।ਲੋਕਾਂ ਨੂੰ ਮਾਸਕ ਲਗਾਉਣ, ਵਾਰ-ਵਾਰ ਹੱਥ ਧੋਣ ਅਤੇ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ. ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਅਜਿਹਾ ਕਰਨ ਨਾਲ ਵਾਇਰਸ ਦਾ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਦਾ ਖਤਰਾ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ।