December 26, 2024

ਜਿਲ੍ਹਾ ਫਰੀਦਕੋਟ ਦੇ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਉੱਚ ਅਧਿਕਾਰੀਆਂ ਵੱਲੋਂ ਵੈਬੀਨਾਰ

0

ਫਰੀਦਕੋਟ / 2 ਅਗਸਤ / ਨਿਊ ਸੁਪਰ ਭਾਰਤ ਨਿਊਜ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਮੰਤਰੀ ਪੰਜਾਬ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਵਿੱਢੀ ਨਵੀਂ ਮੁਹਿੰਮ ਤਹਿਤ ਫਰੀਦਕੋਟ ਜਿਲ੍ਹੇ ਦੇ ਸਰਕਾਰੀ ਸਕੂਲ ਅਧਿਆਪਕਾਂ ਤੇ ਹੋਰਨਾਂ ਕਰਮਚਾਰੀਆਂ ਦੀਆਂ ਵਿਭਾਗੀ ਸਮੱਸਿਆਵਾਂ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਸਕੱਤਰ ਸਕੂਲ ਸਿੱਖਿਆ ਵਿਭਾਗ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਾਲੇ ਇਸ ਵੈਬੀਨਾਰ ‘ਚ ਡੀ.ਪੀ.ਆਈ. (ਐਲੀ. ਸਿੱ.) ਲਲਿਤ ਕਿਸ਼ੋਰ ਘਈ, ਨੋਡਲ ਅਫਸਰ ਫਰੀਦਕੋਟ ਪ੍ਰਭਜੋਤ ਕੌਰ, ਜਿਲ੍ਹਾ ਸਿੱਖਿਆ ਅਫਸਰ (ਸੈ.) ਪਰਮਿੰਦਰ ਸਿੰਘ ਬਰਾੜ, ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਕਮਲਜੀਤ ਤਹੀਮ ਅਤੇ ਵੱਖ-ਵੱਖ ਬਲਾਕ ਸਿੱਖਿਆ ਅਫਸਰ ਸ਼ਾਮਲ ਹੋਏ। ਜਿੰਨ੍ਹਾਂ ਵੱਲੋਂ ਮੌਕੇ ‘ਤੇ ਹੀ 40 ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਤੇ ਹੋਰ ਅਧਿਕਾਰੀ ਹੁਸ਼ਿਆਰਪੁਰ , ਲੁਧਿਆਣਾ ਤੇ ਪਠਾਨਕੋਟ ਜਿਲਿ੍ਹਆਂ ਦੇ ਕਰਮਚਾਰੀਆਂ ਦੀਆਂ ਵਿਭਾਗੀ ਸਮੱਸਿਆਵਾਂ ਦਾ ਵੈਬੀਨਾਰ ਰਾਹੀਂ ਨਿਪਟਾਰਾ ਕਰ ਚੁੱਕੇ ਹਨ। 

ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਵੈਬੀਨਾਰਜ਼ ਰਾਹੀਂ ਵਿਭਾਗ ਦੇ ਕਰਮਚਾਰੀ, ਵੱਖ-ਵੱਖ ਅਧਿਕਾਰੀਆਂ ਕੋਲ ਆਪਣੀਆਂ ਸਮੱਸਿਆਵਾਂ ਸਿੱਧੇ ਰੂਪ ‘ਚ ਉਠਾ ਸਕਦੇ ਹਨ ਅਤੇ ਉਨ੍ਹਾਂ ਨੂੰ ਇੰਨ੍ਹਾਂ ਦੇ ਹੱਲ ਲਈ ਕਿਸੇ ਵੀ ਦਫਤਰ ‘ਚ ਜਾਣ ਦੀ ਜਰੂਰਤ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ‘ਤੇ ਹੀ ਹੋ ਜਾਂਦਾ ਹੈ ਬਾਕੀ ਰਹਿ ਜਾਣ ਵਾਲੀਆਂ ਸਮੱਸਿਆਵਾਂ ਜਲਦ ਹੱਲ ਕਰਨ ਲਈ ਅਧਿਕਾਰੀਆਂ ਨੂੰ ਤੁਰੰਤ ਦਿਸ਼ਾ-ਨਿਰਦੇਸ਼ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਜਿਹੜੇ ਕਰਮਚਾਰੀ ਜਾਂ ਅਧਿਆਪਕ ਵੈਬੀਨਾਰ ‘ਚ ਸ਼ਾਮਲ ਹੋ ਕੇ ਆਪਣੀਆਂ ਮੁਸ਼ਕਲਾਂ ਦੱਸ ਨਹੀਂ ਸਕੇ ਉਹ ਸਬੰਧਤ ਜਿਲ੍ਹੇ ਦੇ ਨੋਡਲ ਅਫਸਰ ਨੂੰ ਵਟਸ ਐਪ ਜ਼ਰੀਏ ਜਾਂ ਵਿਭਾਗ ਦੀ ਸ਼ਿਕਾਇਤ ਨਿਵਾਰਨ ਪੋਰਟਲ ਰਾਹੀਂ ਆਪਣੀਆਂ ਸ਼ਿਕਾਇਤਾਂ ਦਰਜ਼ ਕਰਵਾ ਸਕਦੇ ਹਨ, ਜਿੰਨ੍ਹਾਂ ਦਾ ਜਲਦ ਹੀ ਨਿਪਟਾਰਾ ਕਰ ਦਿੱਤਾ ਜਾਂਦਾ ਹੈ। ਸ੍ਰੀ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਅਧਿਆਪਕ ਤੇ ਹੋਰ ਕਰਮਚਾਰੀਆਂ ਦੀ ਸਖਤ ਮਿਹਨਤ ਸਦਕਾ ਸ਼ਾਨਦਾਰ ਨਤੀਜੇ ਆ ਰਹੇ ਹਨ। ਸੰਕਟਕਾਲੀਨ ਕਾਲ ‘ਚ ਅਧਿਆਪਕ ਮਿੱਡ ਡੇ ਮੀਲ, ਪੁਸਤਕਾਂ ਵੰਡਣ, ਦਾਖਲਾ ਵਧਾਉਣ, ਮਹੀਨਾਵਾਰ ਟੈਸਟਿੰਗ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲੇ, ਪੰਜਾਬ ਅਸੈਸਮੈਂਟ ਸਰਵੇ ਵਰਗੀਆਂ ਜਿੰਮੇਵਾਰੀਆਂ ਦੇ ਸਮਾਂਤਰ ਕੋਵਿਡ-19 ਸਬੰਧੀ ਵੱਖ-ਵੱਖ ਡਿਊਟੀਆਂ ਨਿਭਾ ਰਹੇ ਹਨ। ਇਸ ਕਰਕੇ ਪੰਜਾਬ ਸਰਕਾਰ ਦੇ ਆਦੇਸ਼ ਅਨੁਸਾਰ ਹਰ ਸ਼ਨਿੱਚਰਵਾਰ ਵਿਭਾਗ ਦੇ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਰਾਜ ਦੇ ਇੱਕ ਜਿਲ੍ਹੇ ਦਾ ਵੈਬੀਨਾਰ ਆਯੋਜਿਤ ਕੀਤਾ ਜਾਂਦਾ ਹੈ, ਜਿਸ ਦੇ ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ।

Leave a Reply

Your email address will not be published. Required fields are marked *