ਕੋਵਿਡ-19; ਕੋਰੋਨਾ ਵਾਇਰਸ ਯੋਧਾ ਦੇ ਰੂਪ ’ਚ ਉਭਰੇੇ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਕਰਮਚਾਰੀ **ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ’ਚ ਚਾਰ ਮਹੀਨੇ ’ਚ ਹੋਈ ਚਾਰ ਹਜ਼ਾਰ ਤੋਂ ਵੱਧ ਗਰਭਵਤੀ ਮਹਿਲਾਵਾਂ ਦੀ ਸੁਰੱਖਿਅਤ ਡਿਲੀਵਰੀ
*ਕੋਵਿਡ-19 ਤੋਂ ਬਚਾਅ ਦੇ ਨਾਲ-ਨਾਲ ਸਿਹਤ ਵਿਭਾਗ ਮਰੀਜ਼ਾਂ ਨੂੰ ਹਰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਮੋਹਰੀ **ਡਿਪਟੀ ਕਮਿਸ਼ਨਰ ਨੇ ਕੀਤੀ ਸਿਹਤ ਕਰਮਚਾਰੀਆਂ ਦੀ ਪ੍ਰਸ਼ੰਸਾ ***ਕਿਹਾ, ਸਿਹਤ ਵਿਭਾਗ ਦੇ ਮਿਹਨਤੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਚੱਲਦਿਆਂ ਕੋਰੋਨਾ ਦੇ ਖਿਲਾਫ਼ ਫਤਿਹ ਜਲਦ
ਹੁਸ਼ਿਆਰਪੁਰ / 1 ਅਗਸਤ / ਨਿਊ ਸੁਪਰ ਭਾਰਤ ਨਿਊਜ
ਕੋਵਿਡ-19 ਦੇ ਖਿਲਾਫ਼ ਜੰਗ ਵਿੱਚ ਸਿਹਤ ਵਿਭਾਗ ਨੇ ਨਾ ਸਿਰਫ਼ ਕੋਰੋਨਾ ਯੋਧਾ ਦੀ ਭੂਮਿਕਾ ਨਿਭਾਉਂਦੇ ਹੋਏ ਕੋਰੋਨਾ ਵਾਇਰਸ ਖਿਲਾਫ਼ ਜੰਗ ਲੜੀ ਹੈ, ਬਲਕਿ ਹੋਰ ਮਰੀਜ਼ਾਂ ਨੂੰ ਵੀ ਹਰ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਈਆਂ ਹਨ। ਇਸ ਦੌਰਾਨ ਸਿਹਤ ਕਰਮਚਾਰੀਆਂ ਵਲੋਂ ਗਰਭਵਤੀ ਮਹਿਲਾਵਾਂ ਦੀ ਸੁਰੱਖਿਅਤ ਡਿਲੀਵਰੀ ਕਾਰਨ ਜ਼ਿਲ੍ਹੇ ਦੇ ਹਜ਼ਾਰਾਂ ਘਰਾਂ ਵਿੱਚ ਕਿਲਕਾਰੀਆਂ ਗੂੰਜੀਆਂ ਹਨ। ਅਪ੍ਰੈਲ ਤੋਂ ਲੈ ਕੇ 15 ਜੁਲਾਈ ਤੱਕ 3979 ਮਹਿਲਾਵਾਂ ਦੀ ਸੁਰੱਖਿਅਤ ਡਿਲੀਵਰੀ ਕੀਤੀ ਗਈ ਹੈ ਅਤੇ ਹੁਣ ਇਹ ਗਿਣਤੀ 4 ਹਜ਼ਾਰ ਤੋਂ ਵੱਧ ਪਹੁੰਚ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਜ਼ੁਕ ਦੌਰ ਵਿੱਚ ਆਪਣੇ ਅਤੇ ਆਪਣੇ ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਸਿਹਤ ਕਰਮਚਾਰੀਆਂ ਵਲੋਂ ਪੂਰੀ ਮਿਹਨਤ ਨਾਲ ਡਿਊਟੀ ਨਿਭਾਈ ਜਾ ਰਹੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਖਿਲਾਫ਼ ਜੰਗ ਲੜਨ ਤੋਂ ਇਲਾਵਾ ਵਿਭਾਗ ਵਲੋਂ ਜ਼ਰੂਰੀ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਖੁਸ਼ੀ ਪ੍ਰ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਦੇ ਜਿਆਦਾਤਰ ਸੈਂਪਲ ਨੈਗੇਟਿਵ ਆ ਰਹੇ ਹਨ। ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਦੇ ਚੱਲਦਿਆਂ ਕੋਰੋਨਾ ਵਾਇਰਸ ’ਤੇ ਜਿੱਤ ਪਾ ਲਈ ਜਾਵੇਗੀ। ਉਨ੍ਹਾਂ ਲੋਕਾਂ ਨੂੰ ਮਿਸ਼ਨ ਫਤਿਹ ਤਹਿਤ ਸਮਾਜਿਕ ਦੂਰੀ ਅਪਨਾਉਣ, ਮਾਸਕ ਪਹਿਨਣ ਅਤੇ ਸਮੇਂ-ਸਮੇਂ ਸਾਬੁਣ ਨਾਲ ਚੰਗੀ ਤਰ੍ਹਾਂ ਹੱਥ ਧੋਣ ਦੀ ਵੀ ਅਪੀਲ ਕੀਤੀ।
ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਪ੍ਰੈਲ ਮਹੀਨੇ ਵਿੱਚ 1070, ਮਈ ਵਿੱਚ 1138 ਅਤੇ 15 ਜੁਲਾਈ ਤੱਕ 586 ਮਹਿਲਾਵਾਂ ਦੀ ਸੁਰੱਖਿਅਤ ਡਿਲੀਵਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਆਸ਼ਾ ਵਰਕਰਾਂ ਨੂੰ ਹਦਾਇਤ ਦਿੱਤੀ ਗਈ ਹੈ, ਕਿ ਉਹ ਸੰਭਾਵਿਤ ਡਿਲੀਵਰੀ ਤੋਂ ਘੱਟ ਤੋਂ ਘੱਟ ਦਸ ਦਿਨ ਪਹਿਲਾਂ ਉਕਤ ਮਹਿਲਾ ਦਾ ਕੋਵਿਡ-19 ਟੈਸਟ ਕਰਵਾਉਣ, ਤਾਂ ਜੋ ਜੱਚਾ-ਬੱਚਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ-19 ਦਾ ਟੈਸਟ ਕਰਨ ਤੋਂ ਬਾਅਦ ਹੀ ਹਰ ਡਿਲੀਵਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਸਖਤ ਡਿਊਟੀ ਦੇ ਬਾਵਜੂਦ ਵੀ ਜ਼ਿਲ੍ਹੇ ਵਿੱਚ ਮਹਿਲਾਵਾਂ ਦਾ ਟੀਕਾਕਰਨ ਅਤੇ ਆਸ਼ਾ ਵਰਕਰ ਫੀਲਡ ਵਿੱਚ ਦੌਰਾ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਮਹੀਨੇ ਦੀ 9 ਤਾਰੀਖ ਨੂੰ ਪ੍ਰਧਾਨ ਮੰਤਰੀ ਮਾਤਰਤਵ ਸੁਰੱਖਿਆ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਦੀ ਸਕਰੀਨਿੰਗ ਤੇ ਟੈਸਟ ਕੀਤੇ ਜਾਂਦੇ ਹਨ ਅਤੇ ਕੋਵਿਡ ਦੇ ਮੁਸ਼ਕਲ ਸਮੇਂ ਦੌਰਾਨ ਵੀ ਤੈਅ ਮਿਤੀਆਂ ਨੂੰ ਇਸ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਦਾ ਚੈਕਅਪ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਟਰੂਨਾਟ ਮਸ਼ੀਨ ਲਗਾਈ ਗਈ ਹੈ, ਜੋ ਕਿ ਅਮਰਜੈਂਸੀ ਹਾਲਾਤ ਵਿੱਚ ਦੋ ਘੰਟੇ ਵਿੱਚ ਕੋਵਿਡ-19 ਦੀ ਰਿਪੋਰਟ ਦੇ ਦਿੰਦੀ ਹੈ ਅਤੇ ਜੇਕਰ ਕੋਈ ਗਰਭਵਤੀ ਮਹਿਲਾ ਦਾ ਅਮਰਜੈਂਸੀ ਕੇਸ ਆਉਂਦਾ ਹੈ, ਤਾਂ ਇਸ ਮਸ਼ੀਨ ਰਾਹੀਂ ਉਸ ਦਾ ਕੋਵਿਡ-19 ਟੈਸਟ ਕਰ ਲਿਆ ਜਾਂਦਾ ਹੈ।
ਡਾ.ਜਸਵੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਬੇਸ਼ਕ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਕਾਫ਼ੀ ਵੱਧ ਗਈ ਹੈ, ਪਰੰਤੂ ਬਾਵਜੂਦ ਇਸ ਦੇ ਗਰਭਵਤੀ ਮਹਿਲਾਵਾਂ ਤੋਂ ਇਲਾਵਾ ਹੋਰ ਜ਼ਰੂਰੀ ਸਿਹਤ ਸੇਵਾਵਾਂ ਵੀ ਜਾਰੀ ਰਹੀਆਂ, ਤਾਂ ਕਿ ਲੋਕਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਡਾਕਟਰਾਂ, ਸਟਾਫ਼, ਨਰਸਾਂ, ਆਸ਼ਾ ਵਰਕਰਾਂ ਅਤੇ ਹੋਰ ਸਟਾਫ਼ ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਗਰਭਵਤੀ ਮਹਿਲਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਗਰਭਵਤੀ ਮਹਿਲਾਵਾਂ ਸਮੇਤ ਮਾਵਾਂ ਅਤੇ ਨਵ ਜਨਮੇ ਬੱਚਿਆਂ ਦੀ ਸਿਹਤ ਸੁਰੱਖਿਆ ਲਈ ਲਗਾਤਾਰ ਵਾਰਡ ਨੂੰ ਸੈਨੇਟਾਈਜ਼ਰ ਕੀਤਾ ਜਾਂਦਾ ਹੈ, ਤਾਂ ਜੋ ਨੰਨ੍ਹੇ ਬੱਚਿਆਂ ਨੂੰ ਇਨਫੈਕਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਬੱਚਿਆਂ, ਬਜ਼ੁਰਗਾਂ ਅਤੇ ਹੋਰ ਮਰੀਜਾਂ ਨੂੰ ਸੁਚਾਰੂ ਢੰਗ ਨਾਲ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਿਰਵਿਘਨ ਓ.ਪੀ.ਡੀ. ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਦੇ ਹੋਏ ਬੱਚਿਆਂ ਦਾ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ।