ਮਿਸ਼ਨ ਫਤਿਹ: 11 ਮਰੀਜ਼ ਕੋਰੋਨਾ ਤੋਂ ਹੋਏ ਸਿਹਤਯਾਬ, ਮਿਲੀ ਹਸਪਤਾਲ ਤੋਂ ਛੁੱਟੀ
*ਪਿੰਡ ਲੰਬਵਾਲੀ ਦਾ 8 ਮਹੀਨੇ ਦਾ ਬੱਚਾ ਕੋਰੋਨਾ ਪਾਜ਼ੀਟਿਵ, ਹੁਣ ਤੱਕ 196 ਲੋਕ ਹੋਏ ਤੰਦਰੁਸਤ **ਸਿਵਲ ਸਰਜਨ ਵੱਲੋਂ ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ
ਫਰੀਦਕੋਟ / 28 ਜੁਲਾਈ / ਨਿਊ ਸੁਪਰ ਭਾਰਤ ਨਿਊਜ
ਸੂਬੇ ਨੂੰ ਕੋਰੋਨਾ ਮੁਕਤ ਕਰਨ ਲਈ ਮੁੱਖ ਮੰਤਰੀ ਪੰਜਾਬ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਅੱਜ ਜ਼ਿਲਾ ਫਰੀਦਕੋਟ ਦੇ 11 ਹੋਰ ਕੋਰੋਨਾ ਮਰੀਜ਼ ਜੋ ਜੇਰੇ ਇਲਾਜ ਸਨ ਨੂੰ ਸਿਹਤਯਾਬ ਹੋਣ ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ,ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ,ਆਈ.ਏ.ਐਸ ਅਤੇ ਸਿਵਲ ਸਰਜਨ ਡਾ.ਰਜਿੰਦਰ ਕੁਮਾਰ ਦੀ ਯੋਗ ਅਗਵਾਈ ਹੇਠ ਜ਼ਿਲੇ ਭਰ ‘ਚ ਕੋਰੋਨਾ ਦੀ ਰੋਕਥਾਮ ਲਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਨਤਕ ਸਥਾਨਾਂ ਤੇ ਜਾਗਰੂਕਤਾ ਪਰਚੇ ਤਕਸੀਮ ਕਰਨ ਦੇ ਨਾਲ-ਨਾਲ ਕੋਰੋਨਾ ਦੇ ਲੱਛਣ,ਬਚਾਅ ਅਤੇ ਸਾਵਧਾਨੀਆਂ ਸਬੰਧੀ ਅਨਊਂਸਮੈਂਟ ਵੀ ਕਰਵਾਈ ਜਾ ਰਹੀ ਹੈ।
ਸਿਵਲ ਸਰਜਨ ਡਾ.ਰਜਿੰਦਰ ਅਤੇ ਕੋਵਿਡ-19 ਦੇ ਜ਼ਿਲਾ ਨੋਡਲ ਅਫਸਰ ਡਾ.ਮਨਜੀਤ ਕ੍ਰਿਸ਼ਨ ਭੱਲਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ ਪਿੰਡ ਲੰਭਵਾਲੀ ਦੇ 8 ਮਹੀਨੇ ਦੇ ਬੱਚੇ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ । ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ ਵਿੱਚ 14917 ਸੈਂਪਲ ਲਏ ਗਏ ਹਨ,ਜਿੰਨਾਂ ਵਿੱਚੋਂ 13965 ਸੈਂਪਲਾਂ ਦੀ ਰਿਪੋਰਟ ਨੈਗੀਟਿਵ ਆ ਚੁੱਕੀ ਹੈ ਅਜੇ 533 ਰਿਪੋਰਟਾਂ ਦੇ ਨਤੀਜੇ ਆਉਣੇ ਬਾਕੀ ਹਨ।ਉਨਾਂ ਕਿਹਾ ਕਿ ਕੋਰੋਨਾ ਦੀ ਚੇਨ ਤੋੜਨ ਲਈ ਸਾਨੂੰ ਲਾਪਰਵਾਰੀ ਛੱਡ ਕੇ ਜਾਗਰੂਕ ਹੋਣ ਦੀ ਲੋੜ ਹੈ, ਵਿਭਾਗ ਵੱਲੋਂ ਜਾਰੀ ਹਦਾਇਤਾਂ ਨੂੰ ਅਪਣਾਉਣ ਵਿੱਚ ਹੀ ਸਾਰਿਆਂ ਦਾ ਭਲਾ ਹੈ,ਬਹੁਤ ਜਰੂਰੀ ਕੰਮ ਹੋਣ ਤੇ ਹੀ ਘਰੋਂ ਬਾਹਰ ਜਾਓ ਤੇ ਬਾਹਰ ਜਾਣ ਲੱਗਿਆਂ ਸਾਵਧਾਨੀਆਂ ਵਰਤੋ ਕਿਉਂਕਿ ਇਹ ਛੂਤ ਦੀ ਬਿਮਾਰੀ ਹੈ,ਲਾਗ ਨਾਲ ਇਹ ਬਿਮਾਰੀ ਅੱਗੇ ਫੈਲਦੀ ਹੈ।ਉਨਾਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ।
ਇਸ ਮੌਕੇ ਜ਼ਿਲਾ ਐਪੀਡਿਮੋਲੋਜਿਸਟ ਡਾ. ਵਿਕਰਮਜੀਤ ਸਿੰਘ, ਡਾ.ਅਨੀਤਾ ਚੌਹਾਨ ਅਤੇ ਮੀਡੀਆ ਇੰਚਾਰਜ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਜ਼ਿਲੇ ਅੰਦਰ ਕੋਰੋਨਾ ਦੇ ਕੁੱਲ ਕੇਸ 261 ਹੋ ਗਏ ਹਨ ਅਤੇ ਅੱਜ ਤੱਕ 196 ਵਿਅਕਤੀਆਂ ਕੋਰੋਨਾ ਤੋਂ ਸਿਹਤਯਾਬ ਹੋ ਚੁੱਕੇ ਹਨ,ਜਦ ਕੇ ਐਕਟਿਵ ਕੇਸ 65 ਹਨ।ਕੋਵਿਡ-19 ਤਹਿਤ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਆਸ਼ਾ ਵਰਕਰਾਂ ਘਰ-ਘਰ ਨਿਗਰਾਨੀ ਐਪ ਰਾਹੀ ਸਰਵੇ ਕਰ ਰਹੀਆਂ ਹਨ,ਜ਼ਿਲੇ ਵਿਚ ਫਲੂ ਕਾਰਨਰ ਫਰੀਦਕੋਟ, ਕੋਟਕਪੂਰਾ, ਜੈਤੋ, ਬਾਜਾਖਾਨਾ, ਸਾਦਿਕ ਵਿਖੇ ਚੱਲ ਰਹੇ ਹਨ। ਕੋਈ ਵੀ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ਤੇ ਕੋਰੋਨਾ ਦਾ ਸੈਂਪਲ ਦੇ ਸਕਦਾ ਹੈ।ਉਨਾਂ ਮਿਸ਼ਨ ਫਤਿਹ ਨਾਲ ਜੁੜਕੇ ਯੋਗਦਾਨ ਪਾਉਣ ਲਈ ਕੋਵਾ ਪੰਜਾਬ ਐਪ ਡਾਉਨਲੋਡ ਕਰਨ ਅਤੇ ਐਪ ਤੋਂ ਸਹੀ ਜਾਣਕਾਰੀ-ਅੰਕੜੇ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ।ਅੱਜ ਸਿਹਤ ਵਿਭਾਗ ਵੱਲੋਂ 200 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ।