December 25, 2024

ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਗਏ ਆਰਡੀਨੈਂਸ ਪੰਜਾਬ ਦੀ ਖੇਤੀ, ਕਿਸਾਨੀ ਅਤੇ ਵਪਾਰੀ ਵਰਗ ਲਈ ਘਾਤਕ ਸਿੱਧ ਹੋਣਗੇ- ਕੁਸ਼ਲਦੀਪ ਸਿੰਘ ਢਿੱਲੋਂ

0

*ਪੰਜਾਬ ਸਮੇਤ ਹੋਰ ਕਈ ਰਾਜਾਂ ਨੂੰ ਹੋਣਗੇ ਭਾਰੀ ਆਰਥਿਕ ਨੁਕਸਾਨ **ਮਾਰਕਿਟ ਕਮੇਟੀ ਫਰੀਦਕੋਟ ਦੇ ਚੇਅਰਮੈਨ ਅਤੇ ਉੱਪ ਚੇਅਰਮੈਨ ਦੀ ਤਾਜਪੋਸ਼ੀ ਸਮਾਗਮ ਆਯੋਜਿਤ **125 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਹਨ ਸ਼ਹਿਰ ਵਿੱਚ ਵਿਕਾਸ ਕਾਰਜ

ਫਰੀਦਕੋਟ / 13 ਜੁਲਾਈ / ਨਿਊ ਸੁਪਰ ਭਾਰਤ ਨਿਊਜ

ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਅਤੇ ਫਰੀਦਕੋਟ ਦੇ ਵਿਧਾਇਕ ਸ:ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸਬੰਧੀ ਲਿਆਂਦੇ ਗਏ ਆਰਡੀਨੈਸ ਪੰਜਾਬ ਦੇ ਖੇਤੀ ਖੇਤਰ, ਕਿਸਾਨੀ, ਵਪਾਰੀ ਵਰਗ ਲਈ ਘਾਤਕ ਸਿੱਧ ਹੋਣਗੇ ਅਤੇ ਇਸ ਦਾ ਮਾਰੂ ਅਸਰ ਪੂਰੇ ਪੰਜਾਬ ਦੀ ਆਰਥਿਕਤਾ ਤੇ ਪਵੇਗਾ। ਉਹ ਇਥੇ ਅਨਾਜ ਮੰਡੀ ਵਿਖੇ ਮਾਰਕਿਟ ਕਮੇਟੀ ਫਰੀਦਕੋਟ ਦੇ ਨਵੇਂ ਬਣਾਏ ਗਏ ਚੇਅਰਮੈਨ ਸ੍ਰੀ ਗਿੰਦਰਜੀਤ ਸਿੰਘ ਸੇਖੋਂ ਅਤੇ ਉਪ ਚੇਅਰਮੈਨ ਸ੍ਰੀ ਅਸ਼ੋਕ ਜੈਨ ਦੇ ਅਹੁਦਾ ਸੰਭਾਲਣ ਸਮੇਂ ਆਯੋਜਿਤ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਤੇ ਉਸਦੇ ਭਾਈਵਾਲਾ ਦੀ ਸਰਕਾਰ ਵੱਲੋਂ ਲਏ ਗਏ ਹੁਣ ਤੱਕ ਦੇ ਸਾਰੇ ਫੈਸਲੇ ਲੋਕ ਵਿਰੋਧੀ ਹਨ ਅਤੇ ਕੇਂਦਰ ਦਾ ਇਕੋ ਇਕ ਮਨੋਰਥ ਦੇਸ਼ ਦੇ ਕੁਝ ਧਨਾਢ ਲੋਕਾਂ ਦੀ ਮਦਦ ਕਰਕੇ ਸਿਆਸੀ ਲਾਹਾ ਲੈਣਾ ਹੈ। ਉਨਾਂ ਕਿਹਾ ਕਿ ਕੇਂਦਰ ਨੇ ਪਹਿਲਾਂ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਮੁੱਦਿਆਂ ਤੇ ਦੇਸ਼ ਅਤੇ ਦੇਸ਼ ਦੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਹੁਣ  ਕਰੋਨਾ ਸੰਕਟ ਵਿੱਚ ਵੀ ਕੇਂਦਰ ਸਰਕਾਰ ਡੀਜਲ, ਪੈਟਰੋਲ ਅਤੇ ਹੋਰ ਜ਼ਰੂਰੀ ਵਸਤਾਂ ਦੇ ਭਾਅ ਦਿਨੋਂ ਦਿਨ ਵਧਾ ਕੇ ਲੋਕਾਂ ਨੂੰ ਆਰਥਿਕ ਤੌਰ ਤੇ ਲੁੱਟ ਰਹੀ ਹੈ। ਉਨਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਵੱਲੋਂ ਕਰੋਨਾ ਸੰਕਟ ਵਿੱਚ ਹੀ ਖੇਤੀਬਾੜੀ ਸਬੰਧੀ ਨਵੇਂ ਆਰਡੀਨੈਂਸ ਲਿਆ ਕੇ ਪੰਜਾਬ ਸਮੇਤ ਹੋਰ ਸੂਬਿਆਂ ਦੀ ਕਿਸਾਨੀ, ਕਿਸਾਨ ਤੇ ਵਪਾਰੀ ਵਰਗ ਨੂੰ ਤਬਾਹ ਕਰਨ ਦੀ ਯੋਜਨਾ ਬਣਾਈ ਗਈ ਹੈ ਜਿਸ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੂਰੀ ਕਾਂਗਰਸ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।

ਸ: ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਵਰਕਰਾਂ ਦੀ ਪਾਰਟੀ ਹੈ ਤੇ ਇਸ ਵਿੱਚ ਹਰ ਵਰਗ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ, ਜਿਸ ਦੀ ਮਿਸਾਲ ਅੱਜ ਮਾਰਕਿਟ ਕਮੇਟੀ ਦੇ ਨਵੇਂ ਚੁਣੇ ਗਏ ਚੇਅਰਮੈਨ ਸ: ਗਿੰਦਰਜੀਤ ਸਿੰਘ ਸੇਖੋਂ ਅਤੇ ਸ੍ਰੀ ਅਸੋਕ ਜੈਨ ਜੀ ਤੋਂ ਮਿਲਦੀ ਹੈ। ਉਨਾਂ ਮਾਰਕਿਟ ਕਮੇਟੀ ਦੇ ਚੇਅਰਮੈਨ, ਉਪ ਚੇਅਰਮੈਨ ਦੇ ਚੁਣੇ ਗਏ ਮੈਂਬਰਾਂ ਨੂੰ ਕਿਹਾ ਕਿ ਉਹ ਕਿਸਾਨਾਂ, ਵਪਾਰੀ ਵਰਗ ਤੇ ਮਜ਼ਦੂਰਾਂ ਆਦਿ ਦੀ ਭਲਾਈ ਲਈ ਕੰਮ ਕਰਕੇ ਆਪਣੀਆਂ ਸੇਵਾਵਾਂ ਨਿਭਾਉਣਗੇ। ਉਨਾਂ ਫਰੀਦਕੋਟ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਕਿਹਾ ਕਿ ਫਰੀਦਕੋਟ ਸ਼ਹਿਰ ਵਿੱਚ ਪੀਣ ਵਾਲੇ ਪਾਣੀ, ਆਵਾਜਾਈ ਦੀ ਸਹੂਲਤ, ਸੀਵਰੇਜ ਸੜਕਾਂ ਆਦਿ ਤੇ 125 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਉਨਾਂ ਨਵੇਂ ਚੁਣੇ ਗਏ ਸਮੂਹ ਅਹੁਦੇਦਾਰਾਂ ਦਾ ਸਨਮਾਨ ਵੀ ਕੀਤਾ। ਮਾਰਕਿਟ ਕਮੇਟੀ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਸ:ਕੁਸ਼ਲਦੀਪ ਸਿੰਘ ਢਿੱਲੋਂ ਦੀਆਂ ਹਲਕੇ ਪ੍ਰਤੀ ਦਿੱਤੀਆਂ ਜਾਂਦੀਆਂ ਸੇਵਾਵਾਂ ਬਦਲੇ ਉਨਾਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਜਸਬੀਰ ਸਿੰਘ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ।ਮਾਰਕਿਟ ਕਮੇਟੀ ਦੇ ਚੇਅਰਮੈਨ ਸ: ਗਿੰਦਰਜੀਤ ਸਿੰਘ ਸੇਖੋਂ, ਉਪ ਚੇਅਰਮੈਨ ਸ੍ਰੀ ਅਸ਼ੋਕ ਜੈਨ ਸਮੇਤ ਸਮੂਹ ਮੈਂਬਰਾਂ ਨੇ ਉਨਾਂ ਦੀ ਇਸ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ: ਕੁਸ਼ਲਦੀਪ ਸਿੰਘ ਢਿੱਲੋਂ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਦਾ ਧੰਨਵਾਦ ਕੀਤਾ।

ਇਸ ਮੌਕੇ ਸ: ਜੈਸ਼ਲਪ੍ਰੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਸ: ਅਜੇਪਾਲ ਸਿੰਘ ਸੰਧੂ ਪ੍ਰਧਾਨ ਜਿਲਾ ਕਾਂਗਰਸ, ਡਾਂ ਜੰਗੀਰ ਸਿੰਘ , ਸ੍ਰੀ ਪਵਨ ਗੋਇਲ ਚੇਅਰਮੈਨ ਜਿਲਾ ਪਲਾਨਿੰਗ ਕਮੇਟੀ, ਸ੍ਰੀ ਲਲਿਤ ਮੋਹਨ ਗੁਪਤਾ ਚੇਅਰਮੈਨ ਫਰੀਦਕੋਟ ਨਗਰ ਸੁਧਾਰ ਟਰੱਸਟ, ਸ੍ਰੀ ਬਲਜਿੰਦਰ ਸਿੰਘ ਔਲਖ, ਡਾ. ਰੇਸ਼ਮ ਸਿੰਘ, ਗੁਰਲਾਲ ਸਿੰਘ ਭਲਵਾਨ,  ਜਸਵਿੰਦਰ ਸਿੰਘ ਸਿੱਖਾਂਵਾਲਾ, ਕਰਮਜੀਤ ਸਿੰਘ ਟਹਿਣਾ,  ਤੇਜਾ ਭਲਵਾਨ, ਆੜਤੀ ਐਸੋਸੀਏਸ਼ਨ ਸ੍ਰੀ ਪ੍ਰਮੋਦ ਬਾਂਸਲ, ਸ੍ਰੀ ਮਹਿੰਦਰ ਕੁਮਾਰ ਬਾਂਸਲ, ਓਮ ਪ੍ਰਕਾਸ਼, ਸੋਨੀ ਚਾਵਲਾ, ਕੇਵਲ ਕ੍ਰਿਸ਼ਨ, ਲਖਵੀਰ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *