ਬਠਿੰਡਾ :ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਮਲ ਝੋਨੇ ਦੀ ਸਿੱਧੀ ਬਿਜਾਈ 1 ਜੂਨ ਤੋਂ ਪਹਿਲਾਂ ਅਤੇ ਬਾਸਮਤੀ ਦੀ ਬਿਜਾਈ 15 ਜੂਨ ਤੋਂ ਪਹਿਲਾਂ ਨਾ ਕਰਨ ਦੀ ਕੀਤੀ ਅਪੀਲ
*ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਕਰਕੇ ਫ਼ਸਲਾਂ ਸਬੰਧੀ ਦਿੱਤੀ ਗਈ ਜਾਣਕਾਰੀ
ਬਠਿੰਡਾ / 15 ਮਈ / ਏਨ ਏਸ ਬੀ ਨਿਉਜ
ਡਿਪਟੀ ਕਮਿਸ਼ਨਰ ਸ਼੍ਰੀ ਬੀ ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ ਡਾ. ਬਹਾਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਡਾ. ਗੁਰਤੇਜ ਸਿੰਘ ਖੇਤੀਬਾੜੀ ਸੂਚਨਾ ਅਫ਼ਸਰ ਅਤੇ ਡਾ. ਕੰਵਲ ਕੁਮਾਰ ਟਰੇਨਿੰਗ ਅਫ਼ਸਰ ਵੱਲੋਂ ਅੱਜ ਦਿਉਣ, ਮਹਿਮਾ ਭਗਵਾਨਾ, ਬੁਢਲਾਡੇ ਵਾਲਾ, ਮਹਿਮਾ ਸਰਕਾਰੀ, ਚੁੱਘੇ ਕਲਾਂ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਕਿਸਾਨਾਂ ਨਾਲ ਨੁੱਕੜ ਮੀਟਿੰਗਾਂ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜ਼ਿਲੇ ਵਿੱਚ ਪਾਣੀ ਦਾ ਪੱਧਰ ਹੇਠਾਂ ਜਾਣ ਦੇ ਕਾਰਨ, ਵਾਤਾਵਰਣ ਨੂੰ ਬਚਾਉਣ ਲਈ ਝੋਨੇ ਦੀ ਫ਼ਸਲ ਹੇਠ ਰਕਬਾ ਘਟਾ ਕੇ ਨਰਮੇ ਅਤੇ ਮੱਕੀ ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਨੁਕਤੇ ਵੀ ਦੱਸੇ ਗਏ ਕਿ ਕਿਵੇਂ ਸਿੱਧੀ ਬਿਜਾਈ ਕਰਨ ਨਾਲ ਕਿਵੇਂ ਪਾਣੀ ਦੀ ਬਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਪਰਮਲ ਝੋਨੇ ਦੀ ਸਿੱਧੀ ਬਿਜਾਈ 1 ਜੂਨ ਤੋਂ ਪਹਿਲਾਂ ਅਤੇ ਬਾਸਮਤੀ ਦੀ ਬਿਜਾਈ 15 ਜੂਨ ਤੋਂ ਪਹਿਲਾਂ ਨਾ ਕਰਨ ਦੀ ਵੀ ਅਪੀਲ ਕੀਤੀ ਗਈ।
ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਤੋਂ ਪੇ੍ਰਰਿਤ ਹੋ ਕੇ ਕਿਸਾਨਾਂ ਨੇ ਇਸ ਮੌਕੇ ਭਰੋਸਾ ਦਿਵਾਇਆ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਨਾਲੋਂ 20 ਪ੍ਰਤੀਸ਼ਤ ਰਕਬਾ ਝੋਨੇ ਹੇਠੋਂ ਘਟਾ ਕੇ ਨਰਮੇ ਦੀ ਫ਼ਸਲ ਹੇਠ ਲਿਆਂਦਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਮੱਕੀ ਹੇਠ ਰਕਬਾ ਲਿਆਉਣ ਸਬੰਧੀ ਦਿੱਤੀ ਗਈ ਜਾਣਕਾਰੀ ਬਾਰੇ ਵੀ ਆਪਣੀ ਸਹਿਮਤੀ ਪ੍ਰਗਟਾਈ ਗਈ।