ਜ਼ਿਲਾ ਹੁਸ਼ਿਆਰਪੁਰ ਚੋਂ 127 ਵਿਅਕਤੀਆਂ ਨੂੰ ਬੱਸਾਂ ਰਾਹੀਂ ਉਤਰਾਖੰਡ ਲਈ ਕੀਤਾ ਰਵਾਨਾ
*ਆਪਣੇ ਘਰ ਜਾ ਰਹੇ ਯਾਤਰੀਆਂ ਨੇ ਫੇਰ ਆਉਣ ਦਾ ਕੀਤਾ ਵਾਅਦਾ **ਪੰਜਾਬ ਸਰਕਾਰ ਦਾ ਪ੍ਰਗਟਾਇਆ ਧੰਨਵਾਦ **15 ਨੂੰ ਝਾਰਖੰਡ ਜਾਣ ਵਾਲੇ ਵਿਅਕਤੀਆਂ ਨੂੰ ਕੀਤਾ ਜਾਵੇਗਾ ਰਵਾਨਾ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ / 14 ਮਈ / ਏਨ ਏਸ ਬੀ ਨਿਉਜ
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਵਿਆਪੀ ਲੌਡਾਊਨ ਕਰਕੇ ਆਪਣੇ ਘਰਾਂ ਨੂੰ ਵਾਪਸ ਜਾਣ ਦੇ ਚਾਹਵਾਨ ਹੋਰਨਾਂ ਰਾਜਾਂ ਦੇ ਵਸਨੀਕਾਂ ਨੂੰ ਆਪਣੇ ਘਰ ਭੇਜਣ ਲਈ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਕੀਤੇ ਗਏ ਪ੍ਰਬੰਧਾਂ ਦੇ ਚੱਲਦਿਆਂ ਅੱਜ ਦੇਰ ਸ਼ਾਮ ਹੁਸ਼ਿਆਰਪੁਰ ਜਿਲਾ ਤੋਂ ਬੱਸਾਂ ਰਾਹੀਂ 127 ਵਿਅਕਤੀਆਂ ਨੂੰ ਹਰਿਦੁਆਰ (ਉਤਰਾਖੰਡ) ਲਈ ਰਵਾਨਾ ਕਰ ਦਿੱਤਾ ਗਿਆ ਹੈ। ਜ਼ਿਲਾ ਪ੍ਰਸਾਸ਼ਨ ਵਲੋਂ ਇਨਾ ਵਿਅਕਤੀਆਂ ਦੀ ਵਾਪਸੀ ਲਈ ਵਿਸ਼ੇਸ਼ ਪ੍ਰਬੰਧ ਯਕੀਨੀ ਬਣਾਏ ਗਏ ਸਨ ਅਤੇ ਇਨਾ ਸੁੱਚਜੇ ਪ੍ਰਬੰਧਾਂ ਦੀ ਯਾਤਰੀਆਂ ਵਲੋਂ ਸ਼ਲਾਘਾ ਵੀ ਕੀਤੀ ਗਈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਉਤਰਾਖੰਡ ਤੋਂ ਬਾਅਦ 15 ਮਈ ਨੂੰ ਝਾਰਖੰਡ ਜਾਣ ਵਾਲੇ ਵਿਅਕਤੀਆਂ ਨੂੰ ਰਵਾਨਾ ਕੀਤਾ ਜਾਵੇਗਾ, ਉਪਰੰਤ ਰਾਜਸਥਾਨ ਲਈ ਰਵਾਨਾ ਕੀਤਾ ਜਾਵੇਗਾ। ਉਨਾ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਬਾਹਰਲੇ ਰਾਜਾਂ ਦੇ ਚਾਹਵਾਨ ਵਸਨੀਕਾਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਉਨਾ ਕਿਹਾ ਕਿ ਵਾਪਸ ਭੇਜਣ ਸਮੇਂ ਜਿੱਥੇ ਹਰ ਵਿਅਕਤੀ ਦੀ ਮੈਡੀਕਲ ਸਕਰੀਨਿੰਗ ਯਕੀਨੀ ਬਣਾਈ ਜਾ ਰਹੀ ਹੈ, ਉਥੇ ਖਾਣ-ਪੀਣ ਦੀਆਂ ਵਸਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਰੌਸ਼ਨ ਗਰਾਊਂਡ ਹੁਸ਼ਿਆਰਪੁਰ ਤੋਂ ਯਾਤਰੀਆਂ ਨੂੰ ਰਵਾਨਾ ਕਰਨ ਸਮੇਂ ਐਸ.ਡੀ.ਐਮ ਸ਼੍ਰੀ ਅਮਿਤ ਮਹਾਜਨ ਨੇ ਕਿਹਾ ਕਿ ਯਾਤਰੀਆਂ ਨੂੰ ਰਵਾਨਾ ਕਰਨ ਸਮੇਂ ਸਮਾਜਿਕ ਦੂਰੀ ਦਾ ਧਿਆਨ ਰੱਖਿਆ ਗਿਆ ਹੈ। ਉਨਾ ਕਿਹਾ ਕਿ ਯਾਤਰੀਆਂ ਲਈ ਪੈਕੇਟ ਖਾਣਾ, ਪੀਣ ਲਈ ਪਾਣੀ ਅਤੇ ਹੋਰ ਵਸਤਾਂ ਆਦਿ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਰਸਤੇ ਵਿਚ ਉਨਾ ਨੂੰ ਖਾਣ-ਪੀਣ ਦੀ ਕੋਈ ਮੁਸ਼ਕਿਲ ਨਾ ਆਵੇ। ਉਨਾ ਯਾਤਰੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਆਸ ਪ੍ਰਗਟਾਈ ਕਿ ਜਲਦੀ ਹੀ ਹਾਲਾਤ ਆਮ ਵਾਂਗ ਹੋ ਜਾਣਗੇ ਅਤੇ ਉਹ ਦੁਬਾਰਾ ਫਿਰ ਖੁਸ਼ੀ-ਖੁਸ਼ੀ ਆਪਣੇ ਕੰਮ ਧੰਦਿਆਂ ‘ਤੇ ਦੁਬਾਰਾ ਪਰਤਣਗੇ।

ਰੌਸ਼ਨ ਗਰਾਊਂਡ ਹੁਸ਼ਿਆਰਪੁਰ ਤੋਂ ਰਵਾਨਾ ਹੋਏ ਉਤਰਾਖੰਡ ਰਾਜ ਦੇ ਨਿਵਾਸੀ ਯਾਤਰੀਆਂ ਨੇ ਵੀ ਭਾਵੁਕ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਜ਼ਿਲਾ ਪ੍ਰਸ਼ਾਸਨ ਵਲੋਂ ਉਨਾ ਨੂੰ ਬਹੁਤ ਇੱਜ਼ਤ ਮਾਣ ਨਾਲ ਰਵਾਨਾ ਕੀਤਾ ਗਿਆ ਹੈ, ਜਿਸ ਲਈ ਉਹ ਹਮੇਸ਼ਾ ਰਿਣੀ ਰਹਿਣਗੇ। ਉਤਰਾਖੰਡ ਦੇ ਇਨਾ ਵਿਅਕਤੀਆਂ ਨੇ ਹਾਲਾਤ ਸੁਖਾਵੇਂ ਹੋਣ ‘ਤੇ ਫੇਰ ਆਉਣ ਦਾ ਵਾਅਦਾ ਵੀ ਕੀਤਾ। ਉਨਾ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਉਨਾ ਨੂੰ ਇਥੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਗਈ ਤੇ ਹਰ ਲੋੜੀਦੀ ਸਹੂਲਤ ਪੁੱਜਦਾ ਕੀਤੀ ਗਈ ਸੀ। ਨਾਲ ਹੀ ਉਨਾ ਇਹ ਵੀ ਕਿਹਾ ਕਿ ਉਹ ਲੌਕਡਾਊਨ ਖੁੱਲਣ ਬਾਅਦ ਹੁਸ਼ਿਆਰਪੁਰ ਜ਼ਰੂਰ ਵਾਪਸ ਆਉਣਗੇ। ਯਾਤਰੀਆਂ ਨੇ ਕਿਹਾ ਕਿ ਉਹ ਵਾਪਸ ਤਾਂ ਨਹੀਂ ਸੀ ਜਾਣਾ ਚਾਹੁੰਦੇ, ਪਰ ਕੋਰੋਨਾ ਵਾਇਰਸ ਕਰਕੇ ਮਜ਼ਬੂਰੀ ਵੱਸ ਹੀ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਹਨ। ਇਸ ਮੌਕੇ ਡੀ.ਐਸ.ਪੀ ਸ਼੍ਰੀ ਅਮਰਨਾਥ, ਤਹਿਸੀਲਦਾਰ ਸ਼੍ਰੀ ਹਰਿਮੰਦਰ ਸਿੰਘ, ਨਾਇਬ ਤਹਿਸਲੀਦਾਰ ਸ਼੍ਰੀ ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।